ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਅਗਸਤ
ਬੀਐੱਸਐੱਫ ਦੇ ਡਾਇਰੈਕਟਰ ਜਨਰਲ ਐੱਸ.ਐੱਸ. ਦੇਸਵਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਅਸਥਾਨਾਂ ਦੇ ਮਹੱਤਵ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨਾਲ ਬੀ.ਐੱਸ.ਐੱਫ. ਦੇ ਏਡੀਜੀ ਐੱਸ.ਐੱਸ. ਪਨਵਾਰ, ਆਈ.ਜੀ. ਮਹੀਪਾਲ ਯਾਦਵ, ਐੱਮ.ਐੱਸ. ਰਾਵਤ, ਦਲਜੀਤ ਚੌਧਰੀ ਅਤੇ ਡੀਆਈਜੀ ਡੀ.ਕੇ. ਬੂਰਾ ਵੀ ਮੌਜੂਦ ਸਨ।
ਇਸ ਦੌਰਾਨ ਸ੍ਰੀ ਦੇਸਵਾਲ ਅਤੇ ਉਨ੍ਹਾਂ ਨਾਲ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਮੈਨੇਜਰ ਮੁਖਤਾਰ ਸਿੰਘ ਚੀਮਾ, ਵਧੀਕ ਮੈਨੇਜਰ ਰਜਿੰਦਰ ਸਿੰਘ ਰੂਬੀ ਨੇ ਸਿਰੋਪਾਓ, ਲੋਈ, ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ੍ਰੀ ਦੇਸਵਾਲ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਕੇ ਉਨ੍ਹਾਂ ਨੂੰ ਮਾਨਸਿਕ ਸਕੂਨ ਮਿਲਿਆ ਹੈ।
ਇਸ ਮੌਕੇ ਸੂਚਨਾ ਅਧਿਕਾਰੀ ਹਰਿੰਦਰ ਸਿੰਘ ਰੋਮੀ ਅਤੇ ਜਤਿੰਦਰਪਾਲ ਸਿੰਘ ਵੀ ਮੌਜੂਦ ਸਨ।