ਜਗਮੋਹਨ ਸਿੰਘ
ਰੂਪਨਗਰ, 9 ਮਈ
ਇੱਥੇ ਸੋਲਖੀਆਂ ਟੌਲ ਪਲਾਜ਼ਾ ਨੇੜੇ ਅੱਜ ਇੱਕ ਢਾਡੀ ਜਥੇ ਨੇ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਜਾਨ ਹਮਲਾਵਰਾਂ ਤੋਂ ਬਚਾ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਘਟਨਾ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਹਸਪਤਾਲ ਪੁੱਜ ਕੇ ਜ਼ਖਮੀਆਂ ਦੇ ਬਿਆਨ ਲੈਣ ਮਗਰੋਂ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਪਿੰਡ ਪੰਜੋਲਾ ਦੇ ਢਾਡੀ ਮਨਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਬਾਅਦ ਦੁਪਹਿਰ ਆਪਣੇ ਜਥੇ ਦੇ ਸਾਥੀਆਂ ਨਾਲ ਰੂਪਨਗਰ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ ਕਿ ਜਦੋਂ ਉਹ ਸੋਲਖੀਆਂ ਟੌਲ ਪਲਾਜ਼ਾ ਨੇੜੇ ਪੁੱਜੇ ਤਾਂ ਚਾਰ ਨਕਾਬਪੋਸ਼ ਤਿੰਨ ਵਿਅਕਤੀਆਂ ਨੂੰ ਕਾਰ ’ਚੋਂ ਬਾਹਰ ਖਿੱਚ ਕੇ ਲੋਹੇ ਦੀਆਂ ਰਾਡਾਂ ਨਾਲ ਕੁੱਟ ਰਹੇ ਸਨ ਤੇ ਘਟਨਾ ਤੋਂ ਥੋੜ੍ਹੀ ਦੂਰ ’ਤੇ ਸਥਿਤ ਹਾਈਵੇਅ ਪੈਟਰੋਲਿੰਗ ਪਾਰਟੀ ਦੇ ਮੁਲਾਜ਼ਮ ਵੀ ਕਥਿਤ ਤੌਰ ’ਤੇ ਮੂਕ ਦਰਸ਼ਕ ਬਣੇ ਹੋਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਜਥੇ ਨੇ ਆਪਣੀਆਂ ਮਿਆਨਾਂ ਵਿੱਚੋਂ ਤਲਵਾਰਾਂ ਕੱਢ ਕੇ ਨਕਾਬਪੋਸ਼ਾਂ ਨੂੰ ਲਲਕਾਰਿਆ ਤਾਂ ਉਹ ਇੱਕ ਕਾਰ ਜਿਸ ਦੀ ਨੰਬਰ ਪਲੇਟ ਢਕੀ ਹੋਈ ਸੀ, ’ਚ ਸਵਾਰ ਹੋ ਕੇ ਰੂਪਨਗਰ ਵੱਲ ਭੱਜ ਗਏ। ਉਨ੍ਹਾਂ ਦੱਸਿਆ ਕਿ ਟੌਲ ਪਲਾਜ਼ਾ ਕੰਪਨੀ ਜਾਂ ਹੋਰ ਕੋਈ ਐਂਬੂਲੈਂਸ ਨਾ ਪੁੱਜਣ ਕਾਰਨ ਉਨ੍ਹਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ। ਥਾਣਾ ਸਿੰਘ ਭਗਵੰਤਪੁਰ ਦੇ ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਅੰਬਾਲਾ ਵਾਸੀ ਪ੍ਰੇਮ ਲਤਾ ਨੇ ਜਸਪਾਲ ਸਿੰਘ ਵਾਸੀ ਪਿੰਡ ਸ਼ਾਮਪੁਰਾ ਨੂੰ ਆਪਣਾ ਧਰਮ ਦਾ ਭਰਾ ਬਣਾਇਆ ਹੋਇਆ ਸੀ, ਜਿਸ ਤੋਂ ਉਸ ਨੇ ਤਿੰਨ ਲੱਖ ਰੁਪਏ ਲੈਣੇ ਸਨ। ਉਹ ਡੀਐੱਸਪੀ (ਆਰ) ਰੂਪਨਗਰ ਰਵਿੰਦਰਪਾਲ ਸਿੰਘ ਕੋਲ ਆਏ ਸਨ ਤੇ ਦੋਵੇਂ ਧਿਰਾਂ ਦੀ ਗੱਲਬਾਤ ਤੋਂ ਬਾਅਦ ਉਹ ਆਪਣੇ ਪਤੀ ਸੁਰਜੀਤ ਸਿੰਘ ਤੇ ਕਾਰ ਡਰਾਈਵਰ ਬਿੱਟੂ ਰਾਣਾ ਨਾਲ ਅੰਬਾਲਾ ਪਰਤ ਰਹੀ ਸੀ, ਜਿਸ ਦੌਰਾਨ ਸੋਲਖੀਆਂ ਟੌਲ ਪਲਾਜ਼ਾ ਨੇੜੇ ਉਨ੍ਹਾਂ ’ਤੇ ਹਮਲਾ ਹੋਇਆ।