ਨਵੀਂ ਦਿੱਲੀ, 10 ਸਤੰਬਰ
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਰੋਸਾ ਦਿੱਤਾ ਹੈ ਕਿ ਬਾਬਾ ਬੁੱਢਾ ਜੀ ਨਾਲ ਸਬੰਧਤ ਨਗਰੀ ਰਮਦਾਸ ਵਿੱਚ ਨਵਾਂ ਰੇਲਵੇ ਸਟੇਸ਼ਨ ਬਣਾਇਆ ਜਾਵੇਗਾ। ਇਹ ਮਾਮਲਾ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਲੀ ਵਿੱਚ ਕੇਂਦਰੀ ਰੇਲ ਰਾਜ ਮੰਤਰੀ ਕੋਲ ਰੱਖਿਆ ਹੈ। ਸ੍ਰੀ ਧਾਲੀਵਾਲ ਨੇ ਸ੍ਰੀ ਬਿੱਟੂ ਨੂੰ ਜਾਣਕਾਰੀ ਦਿੱਤੀ ਹੈ ਕਿ ਰਮਦਾਸ ਕਸਬਾ ਬਾਬਾ ਬੁੱਢਾ ਜੀ ਨਾਲ ਸਬੰਧਤ ਹੈ ਅਤੇ ਉੱਥੇ ਆਜ਼ਾਦੀ ਤੋਂ ਪਹਿਲਾਂ ਦਾ ਬਣਿਆ ਹੋਇਆ ਰੇਲਵੇ ਸਟੇਸ਼ਨ ਸੀ, ਜੋ ਇਸ ਵੇਲੇ ਖਸਤਾ ਹਾਲਤ ਵਿੱਚ ਹੈ ਅਤੇ ਉਸ ਦੀ ਮੁੜ ਉਸਾਰੀ ਦੀ ਵੱਡੀ ਲੋੜ ਹੈ। ਉਨ੍ਹਾਂ ਇਸ ਸਟੇਸ਼ਨ ’ਤੇ ਰੇਲ ਗੱਡੀਆਂ ਦੀ ਆਵਾਜਾਈ 4 ਜੋੜਿਆਂ ਤੋਂ ਵਧਾ ਕੇ ਘੱਟੋ-ਘੱਟ 6 ਜੋੜੇ ਕਰਨ ਅਤੇ ਵੇਰਕਾ ਤੋਂ ਅੰਮ੍ਰਿਤਸਰ ਜਾਂ ਇਸ ਤੋਂ ਅੱਗੇ ਚੱਲਣ ਵਾਲੀਆਂ ਰੇਲਾਂ ਨੂੰ ਵਧਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਅਜਨਾਲਾ ਹਲਕੇ ਦੇ ਪਿੰਡ ਬੱਲੜਵਾਲ ਸਰਹੱਦੀ ਇਲਾਕੇ ਤੱਕ ਰੇਲ ਲਾਈਨ ਵਿਛਾਉਣ ਦੀ ਵੀ ਮੰਗ ਰੱਖੀ। ਇਸ ਮੌਕੇ ਕੇਂਦਰੀ ਰੇਲ ਰਾਜ ਮੰਤਰੀ ਸ੍ਰੀ ਬਿੱਟੂ ਨੇ ਕੈਬਨਿਟ ਮੰਤਰੀ ਨੂੰ ਭਰੋਸਾ ਦਿੱਤਾ ਹੈ ਕਿ ਰਮਦਾਸ ਰੇਲਵੇ ਸਟੇਸ਼ਨ ਨੂੰ 6 ਮਹੀਨੇ ਵਿੱਚ ਨਵੀਂ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਸੰਕੇਤਕ ਰੂਪ ਵਿੱਚ ਬੱਲੜਵਾਲ ਤੱਕ ਰੇਲ ਲਾਈਨ ਵਿਛਾਉਣ ਬਾਰੇ ਵੀ ਹਾਮੀ ਭਰੀ ਹੈ।