ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਜੁਲਾਈ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੇਸ਼ ਅੰਦਰ ਸਿੱਖਾਂ ਨਾਲ ਵਧੀਕੀਆਂ ਰੋਕਣ ਲਈ ਹਰ ਸੂਬੇ ’ਚ ਵੱਸਦੇ ਸਿੱਖਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ’ਚ ਬਾਰਾਂਦਰੀ ਇਲਾਕੇ ਅੰਦਰ ਸੇਂਟ ਫਰਾਂਸਿਸ ਸਕੂਲ ਵੱਲੋਂ ਸਿੱਖ ਵਿਦਿਆਰਥੀਆਂ ਨੂੰ ਦਸਤਾਰ ਤੇ ਕਿਰਪਾਨ ’ਤੇ ਪਾਬੰਦੀ ਲਾਉਣ ਤੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਪਿੰਡ ਮਿਲਕਪੁਰ ਦੇ ਇੱਕ ਸਾਬਕਾ ਗ੍ਰੰਥੀ ਦੀ ਕੁੱਟਮਾਰ ਤੇ ਕੇਸਾਂ ਦੀ ਬੇਅਦਬੀ ਦਾ ਨੋਟਿਸ ਲੈਂਦਿਆਂ ਪ੍ਰਧਾਨ ਧਾਮੀ ਨੇ ਕਿਹਾ ਕਿ ਸਿੱਖਾਂ ਨਾਲ ਅਜਿਹੇ ਵਿਤਕਰੇ ਜਾਣਬੁੱਝ ਕੇ ਕੀਤੇ ਜਾ ਰਹੇ ਹਨ, ਜਦਕਿ ਸਰਕਾਰਾਂ ਦੀ ਭੂਮਿਕਾ ਵੀ ਪਾਰਦਰਸ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਯੂਪੀ ਦੇ ਬਰੇਲੀ ’ਚ ਇਕ ਸਕੂਲ ਵੱਲੋਂ ਕਕਾਰਾਂ ’ਤੇ ਪਾਬੰਦੀ ਲਾਉਣ ਅਤੇ ਰਾਜਸਥਾਨ ’ਚ ਇੱਕ ਸਿੱਖ ਦੀ ਕੀਤੀ ਗਈ ਕੁੱਟਮਾਰ ਦੀਆਂ ਦੋਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।