ਖੇਤਰੀ ਪ੍ਰਤੀਨਿਧ
ਪਟਿਆਲਾ, 29 ਮਈ
ਇੱਥੋਂ ਦੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ’ਚ ਮਾਲਵਾ ਜ਼ੋਨ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪ੍ਰਚਾਰਕਾਂ ਦੀ ਇਕੱਤਰਤਾ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਬਹੁਤ ਸਾਰੀਆਂ ਪੰਥ ਵਿਰੋਧੀ ਤਾਕਤਾਂ ਖਾਲਸਾ ਪੰਥ ਦੇ ਸਿਧਾਂਤ ਅਤੇ ਗੁਰਬਾਣੀ ’ਤੇ ਹਮਲੇ ਕਰ ਰਹੀਆਂ ਹਨ, ਜਿਸ ਪ੍ਰਤੀ ਕਮੇਟੀ ਮੈਂਬਰਾਂ ਅਤੇ ਪ੍ਰਚਾਰਕਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਪਹਿਲੀ ਜੂਨ ਤੋਂ 10 ਜੁਲਾਈ ਤੱਕ ਗੁਰਮਤਿ ਕੈਂਪਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸਕੂਲੀ ਬੱਚਿਆਂ ਨੂੰ ਵੀ ਕੈਂਪਾਂ ਦਾ ਹਿੱਸਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਿੰਮ ਨੂੰ ਪ੍ਰਚੰਡ ਰੂਪ ’ਚ ਜਾਰੀ ਰੱਖਣ ਲਈ ਪ੍ਰਚਾਰਕ ਗੁਰਮਤਿ ਕਲਾਸਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਆਈਟੀ ਵਿੰਗ ਕੋਲ ਭੇਜਣ ਤਾਂ ਜੋ ਸੋਸ਼ਲ ਮੀਡੀਆ ਰਾਹੀਂ ਸੰਗਤ ਤੱਕ ਪਹੁੰਚ ਬਣਾਈ ਜਾ ਸਕੇ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਜਨਰਲ ਸਕੱਤਰ ਕਰਨੈਲ ਪੰਜੋਲੀ ਨੇ ਵੀ ਪ੍ਰਚਾਰਕਾਂ ਨੂੰ ਸੰਸਥਾ ਵੱਲੋਂ ਗੁਰਬਾਣੀ ਦੇ ਪ੍ਰਚਾਰ ਪਸਾਰ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਸੰਗਤ ਤੱਕ ਪਹੁੰਚਾਉਣ ਲਈ ਪ੍ਰੇਰਿਆ।
ਇਸ ਮੌਕੇ ਮਾਲਵਾ ਜ਼ੋਨ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਸੁਰਜੀਤ ਗੜ੍ਹੀ, ਸਤਵਿੰਦਰ ਟੌਹੜਾ, ਨਿਰਮਲ ਹਰਿਆਊ, ਜਸਮੇਰ ਲਾਛੜੂ, ਕੁਲਦੀਪ ਨੱਸੂਪੁਰ, ਜਰਨੈਲ ਕਰਤਾਰਪੁਰ, ਇੰਦਰਮੋਹਣ ਲਖਮੀਰਵਾਲਾ, ਭੁਪਿੰਦਰ ਭਲਵਾਨ, ਟੇਕ ਸਿੰਘ ਧਨੌਲਾ, ਪਰਮਜੀਤ ਖਾਲਸਾ ਅਤੇ ਮੇਜਰ ਢਿੱਲੋਂ ਹਾਜ਼ਰ ਸਨ।