ਪਾਲ ਸਿੰਘ ਨੌਲੀ
ਜਲੰਧਰ, 7 ਅਕਤੂਬਰ
ਪੰਜਾਬੀ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਦਿੱਤਾ ਜਾਣ ਵਾਲਾ ਢਾਹਾਂ ਪੁਰਸਕਾਰ ਇਸ ਵਾਰ ਗੁਰਮੁਖੀ ਤੇ ਸ਼ਾਹਮੁਖੀ ’ਚ ਸਾਹਿਤ ਰਚਣ ਵਾਲਿਆਂ ਦੇ ਹਿੱਸੇ ਆਇਆ ਹੈ। ਸਿਰਸਾ ਦੇ ਰਹਿਣ ਵਾਲੇ ਕੇਸਰਾ ਰਾਮ ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਨਾਲ ਢਾਹਾਂ ਪੁਰਸਕਾਰ 2020 ਦਿੱਤਾ ਜਾਵੇਗਾ। ਕੇਸਰਾ ਰਾਮ ਵੱਲੋਂ ਲਿਖੇ ਕਹਾਣੀ ਸੰਗ੍ਰਹਿ ‘ਜ਼ਨਾਨੀ ਪੌਦ’ ਨੇ ਇਹ ਪੁਰਸਕਾਰ ਜਿੱਤਿਆ ਹੈ। ਇਸ ਤੋਂ ਇਲਾਵਾ ਲਾਹੌਰ ਦੇ ਰਹਿਣ ਵਾਲੇ ਲੇਖਕ ਜ਼ੁਬੈਰ ਅਹਿਮਦ ਨੂੰ 10 ਹਜ਼ਾਰ ਕੈਨੇਡੀਅਨ ਡਾਲਰ ਦਿੱਤੇ ਜਾਣਗੇ। ਉਨ੍ਹਾਂ ਵੱਲੋਂ ਸ਼ਾਹਮੁਖੀ ’ਚ ਲਿਖੇ ਕਹਾਣੀ ਸੰਗ੍ਰਹਿ ‘ਪਾਣੀ ਦੀ ਕੰਧ’ ਸਮੇਤ ਹੋਰ ਲਿਖੀਆਂ ਕਹਾਣੀਆਂ ਬਦਲੇ ਇਹ ਸਨਮਾਨ ਦਿੱਤਾ ਜਾਵੇਗਾ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਦੀ ਰਹਿਣ ਵਾਲੀ ਹਰਕੀਰਤ ਕੌਰ ਚਹਿਲ ਵੱਲੋਂ ਲਿਖੇ ਨਾਵਲ ‘ਆਦਮ ਗ੍ਰਹਿਣ’ ਲਈ 10 ਹਜ਼ਾਰ ਕੈਨੇਡੀਅਨ ਡਾਲਰ ਦਿੱਤੇ ਜਾਣਗੇ।
ਢਾਹਾਂ ਪੁਰਸਕਾਰ 2014 ਤੋਂ ਸ਼ੁਰੂ ਕੀਤਾ ਗਿਆ ਸੀ। ਇਸ ਵਾਰ ਕਰੋਨਾ ਮਹਾਮਾਰੀ ਕਾਰਨ ਇਨਾਮ ਵੰਡ ਸਮਾਗਮ ਵਰਚੁਅਲ ਹੋਵੇਗਾ ਜੋ 7 ਨਵੰਬਰ ਨੂੰ ਦਿੱਤੇ ਜਾਣਗੇ। ਪ੍ਰਬੰਧਕਾਂ ਨੇ ਕਿਹਾ ਕਿ ਦੁਨੀਆ ਭਰ ਵਿਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਇਹ ਪੁਰਸਕਾਰ ਕੈਨੇਡਾ-ਇੰਡੀਆ ਐਜੂਕੇਸ਼ਨ ਸੁਸਾਇਟੀ ਵੱਲੋਂ ਦਿੱਤਾ ਜਾਂਦਾ ਹੈ, ਜਿਸ ਵਿਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦਾ ਵਿਭਾਗ ਏਸ਼ੀਅਨ ਸਟੱਡੀਜ਼ ਵੀ ਭਾਈਵਾਲ ਹੁੰਦਾ ਹੈ। ਬ੍ਰਿਜ ਢਾਹਾਂ, ਰੀਟਾ ਢਾਹਾਂ ਅਤੇ ਪਰਿਵਾਰ ਵੱਲੋਂ ਇਹ ਪੁਰਸਕਾਰ ਐਲਾਨੇ ਗਏ ਹਨ। ਬ੍ਰਿਜ ਢਾਹਾਂ ਨੇ ਦੱਸਿਆ ਕਿ ਹਰਕੀਰਤ ਕੌਰ ਚਹਿਲ ਨੇ ਨਾਵਲ ‘ਆਦਮ ਗ੍ਰਹਿਣ’ ਵਿਚ ਲਿੰਗ ਅਨੁਪਾਤ ਬਾਰੇ ਕੀਤੇ ਜਾ ਰਹੇ ਵਿਤਕਰੇ ਅਤੇ ਜਿਨ੍ਹਾਂ ਲੋਕਾਂ ਦੀ ਬਹੁਤੀ ਪੁੱਛ-ਪ੍ਰਤੀਤ ਨਹੀਂ ਕੀਤੀ ਜਾਂਦੀ, ਉਨ੍ਹਾਂ ਦੇ ਜੀਵਨ ਨੂੰ ਬੜੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ।
ਲਾਹੌਰ ਤੋਂ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਜ਼ੁਬੈਰ ਅਹਿਮਦ ਨੇ ਦੱਸਿਆ ਕਿ ‘ਪਾਣੀ ਦੀ ਕੰਧ’ ਕਹਾਣੀ ਸੰਗ੍ਰਹਿ ਵਿਚ 13-14 ਕਹਾਣੀਆਂ ਹਨ। ਕਹਾਣੀ ‘ਪਾਣੀ ਦੀ ਕੰਧ’ ਦੇਸ਼ ਦੀ ਵੰਡ ਨਾਲ ਸਬੰਧਤ ਹੈ ਜਿਹੜੀ ਲੇਖਕ ਦੀ ਮਾਂ ਨਾਲ ਵਾਪਰਦੀ ਹੈ। ਇਸ ਕਹਾਣੀ ਵਿਚ ਅੰਮ੍ਰਿਤਸਰ ਅਤੇ ਬਟਾਲੇ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਕਹਾਣੀਆਂ ਵਿਚ ‘ਲਾਹੌਰ ਬਦਲ ਰਿਹਾ ਹੈ’ ਵੀ ਹੈ ਜਿਸ ’ਚ ਲਾਹੌਰ ਦੇ ਬਦਲਣ ਅਤੇ ਰਿਸ਼ਤਿਆਂ ਦੀ ਟੁੱਟ ਦਾ ਜ਼ਿਕਰ ਹੈ। ਇਨ੍ਹਾਂ ਵਿਚ ਹੀ ਇਕ ਹੋਰ ਕਹਾਣੀ ‘ਗੋਰਖੀ ਦੀ ਮਾਂ ਨੂੰ ਪੜ੍ਹਦਿਆਂ’ ਕਾਮਰੇਡਾਂ ਬਾਰੇ ਹੈ ਜਿਸ ’ਚ ਦੱਸਿਆ ਗਿਆ ਹੈ ਕਿ ਕਿਵੇਂ ਵਕਤ ਨੇ ਉਨ੍ਹਾਂ ਨੂੰ ਬਦਲ ਦਿੱਤਾ ਸੀ ਤੇ ਉਹ ਕੀ ਤੋਂ ਕੀ ਬਣ ਗਏ। ਇਸੇ ਤਰ੍ਹਾਂ ‘ਉਹ ਪਰਤ ਕੇ ਨਹੀਂ ਆਏਗਾ’ ਪਰਦੇਸ ਗਏ ਮੁੰਡੇ ਦੀ ਕਹਾਣੀ ਹੈ। ਤੰਗੀਆਂ ਤੁਰਸ਼ੀਆਂ ਕਾਰਨ ਮੁੰਡਾ ਪਰਦੇਸ ਜਾਂਦਾ ਹੈ ਅਤੇ ਉਥੇ ਹੀ ਰਹਿ ਪੈਂਦਾ ਹੈ ਤੇ ਉਥੇ ਹੀ ਮਰ ਜਾਂਦਾ ਹੈ। ਇਸ ਬਾਰੇ ਉਸ ਦੀ ਮਾਂ ਨੂੰ ਬਹੁਤ ਦੇਰ ਬਾਅਦ ਪਤਾ ਚੱਲਦਾ ਹੈ। ਜ਼ੁਬੈਰ ਅਹਿਮਦ ਅੰਗਰੇਜ਼ੀ ਦੇ ਪ੍ਰੋਫੈਸਰ ਰਹੇ ਹਨ ਅਤੇ ਦੋ ਸਾਲ ਪਹਿਲਾਂ ਹੀ ਸੇਵਾਮੁਕਤ ਹੋਏ ਹਨ। ਉਹ ਲਾਹੌਰ ਦੇ ਇਸਲਾਮੀਆ ਕਾਲਜ ’ਚ ਪੜ੍ਹਾਉਂਦੇ ਰਹੇ ਹਨ।
ਕੇਸਰਾ ਰਾਮ ਦੀ ਕਾਵਿਕ ਸੰਵੇਦਨਸ਼ੀਲਤਾ ਪਾਠਕਾਂ ਦੇ ਮਨਾਂ ਨੂੰ ਛੂੰਹਦੀ ਹੈ: ਮੋਹਨਜੀਤ
ਪੰਜਾਬੀ ਦੇ ਉੱਘੇ ਸਾਹਿਤਕਾਰ ਮੋਹਨਜੀਤ ਨੇ ਇਨ੍ਹਾਂ ਇਨਾਮਾਂ ਬਾਰੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਸਰਾ ਰਾਮ ਨੇ ਮਾਨਵੀ ਭਾਵਾਂ ਦਾ ਉਪਭਾਵੁਕਤਾ ਤੋਂ ਮੁਕਤ ਅਜਿਹਾ ਗਲਪ ਸਿਰਜਿਆ ਹੈ ਜਿਸ ਦੀ ਕਾਵਿਕ ਸੰਵੇਦਨਸ਼ੀਲਤਾ ਪਾਠਕਾਂ ਦੇ ਮਨਾਂ ਨੂੰ ਛੂੰਹਦੀ ਹੈ। ਊਨ੍ਹਾਂ ਨੇ ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਨੂੰ ਵੱਡੀਆਂ ਪ੍ਰਾਪਤੀਆਂ ਵਾਲੀ ਕਹਾਣੀ ਕਿਹਾ। ਇਸੇ ਤਰ੍ਹਾਂ ਮੋਹਨਜੀਤ ਨੇ ਜ਼ੁਬੈਰ ਅਹਿਮਦ ਦੀ ਪੰਜਾਬ ਦੀ ਵੰਡ ਬਾਰੇ ਕਹਾਣੀ ‘ਪਾਣੀ ਦੀ ਕੰਧ’ ਨੂੰ ਉਸ ਦੁਖਾਂਤ ਦੀ ਬਾਤ ਪਾਉਂਦੀ ਬਹੁ-ਪਰਤੀ ਕਹਾਣੀ ਦੱਸਿਆ। ਮੋਹਨਜੀਤ ਅਨੁਸਾਰ ਹਰਕੀਰਤ ਦਾ ਨਾਵਲ ‘ਆਦਮ ਗ੍ਰਹਿਣ’ ਟਰਾਂਸਜੈਂਡਰ ਵਿਅਕਤੀਆਂ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਵਾਲਾ ਉਹ ਨਾਵਲ ਹੈ ਜਿਹੜਾ ਕਹਾਣੀ ਦੀ ਗੋਂਦ ਅਤੇ ਪੜ੍ਹਨ ਦੇ ਰਸ ਕਾਰਨ ਇਕ ਊਮਦਾ ਰਚਨਾ ਬਣਦਾ ਹੈ।