ਨਿੱਜੀ ਪੱਤਰ ਪ੍ਰੇਰਕ
ਨਾਭਾ, 6 ਸਤੰਬਰ
ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਤਿੰਨ ਮਹੀਨਿਆਂ ਤੋਂ ਨਿਆਂਇਕ ਹਿਰਾਸਤ ਵਿੱਚ ਬੰਦ ਸਾਧੂ ਸਿੰਘ ਧਰਮਸੋਤ ਦੀ ਜ਼ਮਾਨਤ ਅਰਜ਼ੀ ਸੋਮਵਾਰ ਨੂੰ ਹਾਈ ਕੋਰਟ ਨੇ ਮਨਜ਼ੂਰ ਕਰ ਲਈ ਸੀ ਪਰ ਤਕਨੀਕੀ ਕਾਰਨਾਂ ਕਰ ਕੇ ਅੱਜ ਵੀ ਸਾਧੂ ਸਿੰਘ ਧਰਮਸੋਤ ਦੀ ਰਿਹਾਈ ਨਾ ਹੋ ਸਕੀ। ਇਸ ਕਾਰਨ ਉਨ੍ਹਾਂ ਦੇ ਸਮਰਥਕ ਅਤੇ ਪਰਿਵਾਰ ਉਡੀਕ ਵਿੱਚ ਹੀ ਰਹਿ ਗਿਆ। ਜੇਲ੍ਹ ਸੁਪਰਡੈਂਟ ਰਮਨਜੀਤ ਸਿੰਘ ਭੰਗੂ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤਕ ਰਿਹਾਈ ਵਾਰੰਟ ਪ੍ਰਾਪਤ ਨਹੀਂ ਹੋਏ। ਧਰਮਸੋਤ ਦੇ ਵਕੀਲ ਹਿੰਮਤ ਸਿੰਘ ਦਿਓਲ ਨੇ ਦੱਸਿਆ ਕਿ ਟਰਾਇਲ ਕੋਰਟ ਵਿੱਚੋਂ ਰਿਹਾਈ ਵਾਰੰਟ ਜਾਰੀ ਹੋਣ ਤੋਂ ਪਹਿਲਾਂ ਹੀ ਅੱਜ ਦਾ ਦਿਨ ਬੀਤ ਗਿਆ ਜਿਸ ਕਰ ਕੇ ਕਾਰਵਾਈ ਭਲਕ ’ਤੇ ਪੈ ਗਈ। ਜ਼ਿਕਰਯੋਗ ਹੈ ਕਿ ਮਈ ਮਹੀਨੇ ਸਾਬਕਾ ਜੰਗਲਾਤ ਮੰਤਰੀ ਧਰਮਸੋਤ ਨੂੰ ਪੈਸੇ ਲੈ ਕੇ ਦਰੱਖਤ ਕਟਵਾਉਣ ਦੇ ਦੋਸ਼ ਹੇਠ ਵਿਜੀਲੈਂਸ ਵਿਭਾਗ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।