ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 20 ਅਗਸਤ
ਕਿਸਾਨ ਜਥੇਬੰਦੀਆਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਨੈਸ਼ਨਲ ਹਾਈਵੇ ’ਤੇ ਲਗਾਏ ਧਰਨੇ ਕਾਰਨ ਟਰੈਫਿਕ ਨੂੰ ਬਦਲਵੇਂ ਰੂਟਾਂ ਉਪਰ ਲੰਘਾਉਣ ਮੌਕੇ ਕਰਤਾਰਪੁਰ ਵਿੱਚ ਭਾਰੀ ਜਾਮ ਲੱਗ ਗਿਆ ਹੈ। ਬਦਲਵੇਂ ਰੂਟਾਂ ਅਨੁਸਾਰ ਕਪੂਰਥਲਾ ਤੋਂ ਆਉਣ ਵਾਲੇ ਭਾਰੀ ਵਾਹਨਾਂ ਨੂੰ ਵਾਇਆ ਕਰਤਾਰਪੁਰ-ਕਿਸਨਗੜ੍ਹ-ਆਦਮਪੁਰ ਤੋਂ ਹੁਸ਼ਿਆਰਪੁਰ ਵੱਲ ਭੇਜਿਆ ਜਾ ਰਿਹਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਆ ਰਹੇ ਭਾਰੀ ਵਾਹਨਾਂ ਨੂੰ ਕਰਤਾਰਪੁਰ ਤੋਂ ਲੰਘਾ ਕੇ ਲੰਮਾ ਪਿੰਡ ਚੌਕ ਤੋਂ ਬਦਲਵੇਂ ਰੂਟ ਰਾਹੀਂ ਭੇਜਿਆ ਜਾ ਰਿਹਾ ਹੈ। ਇਸ ਸੰਬੰਧੀ ਡੀਐੱਸਪੀ ਕਰਤਾਰਪੁਰ ਸੁਖਪਾਲ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਕਾਰਨ ਵਾਹਨ ਚਾਲਕਾਂ ਅਤੇ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਬਦਲਵੇਂ ਰੂਟਾਂ ਅਨੁਸਾਰ ਕਰਤਾਰਪੁਰ ਤੋਂ ਵਾਹਨਾਂ ਨੂੰ ਸੁਰੱਖਿਅਤ ਲੰਘਾਇਆ ਜਾ ਰਿਹਾ ਹੈ।