ਪੱਤਰ ਪ੍ਰੇਰਕ
ਨੰਗਲ, 2 ਮਈ
ਪਿੰਡ ਨਾਨਗਰਾਂ ਦੇ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਬੀਤੇ ਦਿਨੀਂ ਸਕੂਲ ਦੀਆਂ ਵਿਦਿਆਰਥਣਾਂ ਨਾਲ ਕੀਤੇ ਗਏ ਸੋਸ਼ਣ ਸਬੰਧੀ ਤਸਵੀਰਾਂ ਵਾਇਰਲ ਕਰਨ ਦੇ ਮਾਮਲੇ ਸਬੰਧੀ ਸਮਾਜ ਸੇਵੀ ਅਸ਼ਵਨੀ ਦਘੌੜ ਦੀ ਸ਼ਿਕਾਇਤ ’ਤੇ ਬੇਸ਼ੱਕ ਨੰਗਲ ਪੁਲੀਸ ਨੇ ਪ੍ਰਿੰਸੀਪਲ ਤੇ ਦੋ ਨੌਜਵਾਨਾਂ ਗ੍ਰਿਫ਼ਤਾਰ ਕਰ ਲਿਆ ਹੈ ਪਰ ਹਾਲੇ ਵੀ ਇਕ ਹੋਰ ਮੁਲਜ਼ਮ ਫਰਾਰ ਹੈ। ਅੱਜ ਸਮਾਜ ਸੇਵੀਆਂ ਨੇ ਪਿੰਡ ਨਾਨਗਰਾਂ ਵਿੱਚ ਰੋਸ ਧਰਨਾ ਦਿੱਤਾ। ਅਸ਼ਵਨੀ ਦਘੌੜ ਨੇ ਕਿਹਾ ਕਿ ਨੰਗਲ ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਜੋ ਕਾਰਵਾਈ ਕੀਤੀ ਗਈ ਹੈ, ਉਹ ਤਸੱਲੀਬਖ਼ਸ਼ ਨਹੀਂ ਹੈ| ਉਨ੍ਹਾਂ ਕਿਹਾ ਕਿ ਜੇ ਪੁਲੀਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੀ ਤਾਂ ਹੋਰ ਲੋਕਾਂ ਦੇ ਚਿਹਰਿਆ ਤੋਂ ਵੀ ਪਰਦਾ ਉਠ ਜਾਣਾ ਸੀ| ਉਨ੍ਹਾਂ ਕਿਹਾ ਕਿ ਹਾਲੇ ਵੀ ਇਕ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ| ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੇ ਲੋਕਾਂ ਨੂੰ ਪਨਾਹ ਦੇਣ ਵਾਲੇ ਲੋਕਾਂ ਦਾ ਵੀ ਬਾਈਕਾਟ ਕਰਨਾ ਚਾਹੀਦਾ ਹੈ| ਇਸ ਮੌਕੇ ਡੀਐੱਸਪੀ ਗੁਰਪ੍ਰੀਤ ਬੈਂਸ ਨੇ ਤੁਰੰਤ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ| ਐੱਸਐੱਚਓ ਨੰਗਲ ਦਾਨਿਸ਼ਵੀਰ ਸਿੰਘ ਨੇ ਕਿਹਾ ਕਿ ਅਸ਼ਵਨੀ ਦਘੋੜ ਕੋਲੋਂ ਮੰਗ ਪੱਤਰ ਲਿਆ ਗਿਆ ਹੈ| ਉਨ੍ਹਾਂ ਕਿਹਾ ਕਿ ਬਾਕੀ ਦੇ ਮੁਲਜ਼ਮਾਂ ਨੂੰ ਫੜਣ ਲਈ ਕਾਰਵਾਈ ਕੀਤੀ ਜਾ ਰਹੀ ਹੈ।