ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਜੁਲਾਈ
ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ ਵੱਲੋਂ ਦਿਤੇ ਗਏ ਸੱਦੇ ’ਤੇ ਪੰਜਾਬ ਭਰ ਤੋਂ ਆਏ ਵੱਡੀ ਗਿਣਤੀ ਵਿੱਚ ਬਿਜਲੀ ਕਾਮਿਆਂ ਨੇ ਅੱਜ ਬਿਜਲੀ ਨਿਗਮ ਦੇ ਇਥੇ ਸਥਿਤ ਮੁੱਖ ਦਫਤਰ ਦੇ ਗੇਟਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਿਥੇ ਜੁਲਾਈ ਦੇ ਚੌਥੇ ਹਫਤੇ ਸੂਬਾਈ ਹੜਤਾਲ ਅਤੇ 20 ਜੁਲਾਈ ਨੂੰ ਬਿਜਲੀ ਮੰਤਰੀ ਦੇ ਘਰ ਅੱਗੇ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਗਿਆ। ਅੱਜ ਦੇ ਇਨ੍ਹਾਂ ਰੋਸ ਪ੍ਰਦਰਸ਼ਨਾ ਨੂੰ ਜੁਆਇੰਟ ਫੋਰਮ ਨਾਲ਼ ਸਬੰਧਤ ਜਥੇਬੰਦੀਆਂ ਦੇ ਆਗੂਆਂ ਰਤਨ ਸਿੰਘ ਮਜਾਰੀ, ਬਲਦੇਵ ਸਿੰਘ ਮੰਢਾਲੀ, ਕਰਮਚੰਦ ਭਾਰਦਵਾਜ, ਹਰਪਾਲ ਖੰਗੂੜਾ, ਕੁਲਵਿੰਦਰ ਢਿੱਲੋਂ, ਜਗਜੀਤ ਕੋਟਲੀ, ਸਿਕੰਦਰ ਨਾਥ, ਜਗਰੂਪ ਮਹਿਮਦਪੁਰ, ਗੁਰਚਰਨ ਸਿੰਘ, ਰਵੇਲ ਸਿੰਘ ਸਹਾਏਪੁਰ, ਕਮਲਜੀਤ ਸਿੰਘ, ਕੌਰ ਸਿੰਘ ਸੋਹੀ, ਬਲਵਿੰਦਰ ਸੰਧੂ, ਬਰਜਿੰਦਰ ਸ਼ਰਮਾ, ਇੰਦਰਜੀਤ ਸਿੰਘ, ਸੁਖਵਿੰਦਰ ਚਹਿਲ, ਰਘਬੀਰ ਰਾਮਗੜ੍ਹ, ਸੁਖਵਿੰਦਰ ਦੁੰਮਨਾ, ਲਖਵੰਤ ਦਿਓਲ, ਸਰਬਜੀਤ ਭਾਣਾ, ਬਲਜੀਤ ਮੋਦਲਾ, ਰਾਮ ਸਿੰਘ ਸੈਣੀ, ਤੇਜਿੰਦਰ ਸੇਖੋਂ ਤੇ ਅਮਰੀਕ ਸਿੰਘ ਗੋਬਿੰਦਗੜ੍ਹ ਆਦਿ ਨੇ ਵੀ ਹਿੱਸਾ ਲਿਆ। ਉਨ੍ਹਾਂ ਦਾ ਕਹਿਣਾ ਸੀ ਕਿ 25 ਮਈ ਨੂੰ ਬਿਜਲੀ ਮੰਤਰੀ ਅਤੇ ਮੈਨੇਜਮੈਂਟ ਨੇ 20 ਦਿਨਾਂ ਅੰਦਰ ਮੰਨੀਆਂ ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਟਾਲ-ਮਟੋਲ ਦੀ ਨੀਤੀ ਅਜੇ ਵੀ ਜਾਰੀ ਹੈ। ਜਿਸ ਕਾਰਨ ਹੀ ਉਨ੍ਹਾਂ ਨੂੰ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਧਰ, ਪਟਿਆਲਾ ਦੇ ਪ੍ਰਸ਼ਾਸਨ ਨੇ 7 ਜੁਲਾਈ ਲਈ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਨਾਲ ਮੀਟਿੰਗ ਮੁਕੱਰਰ ਕਰਵਾਉਂਦਿਆਂ, ਜੁਆਇੰਟ ਫੋਰਮ ਦੇ ਆਗੂਆਂ ਨੂੰ ਪੱਤਰ ਵੀ ਸੌਂਪਿਆ, ਜਿਸ ਮਗਰੋਂ ਹੀ ਬਿਜਲੀ ਕਾਮਿਆਂ ਨੇ ਇਹ ਧਰਨਾ ਸਮਾਪਤ ਕੀਤਾ।