ਪਟਿਆਲਾ: ਪਿਛਲੇ ਸਮੇਂ ਤੋਂ ਹਲਕਾ ਘਨੌਰ ਤੋਂ ਅਕਾਲੀ ਦਲ ਦੀ ਟਿਕਟ ’ਤੇ ਚੋਣਾਂ ਲੜਦੇ ਆ ਰਹੇ ਬਾਦਲਾਂ ਦੇ ਰਿਸ਼ਤੇਦਾਰ ਮੁਖਮੈਲਪੁਰ ਪਰਿਵਾਰ ਦੀ ਟਿਕਟ ਕੱਟ ਕੇ ਪਾਰਟੀ ਨੇ ਐਤਕੀਂ ਪਾਰਟੀ ਦੇ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦੇ ਦਿੱਤੀ ਗਈ ਹੈ। ਇਸ ਕਾਰਨ ਮੁਖਮੈਲਪੁਰ ਪਰਿਵਾਰ ਨੇ ਅਜੇ ਤੱਕ ਖੁੱਲ੍ਹੇਆਮ ਕੋਈ ਸਟੈਂਡ ਤਾਂ ਨਹੀਂ ਲਿਆ, ਪਰ ਬਾਗੀਆਂ ਵਾਲੇ ਨੇਤਾਵਾਂ ਦੀ ਕਤਾਰ ’ਚ ਖੜ੍ਹਾ ਨਜ਼ਰ ਆ ਰਿਹਾ ਹੈ। ਇਸੇ ਕੜੀ ਵਜੋਂ ਅੱਜ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਮੁਖਮੈਲਪੁਰ ਪਰਿਵਾਰ ਦੇ ਘਰ ਜਾ ਕੇ ਬੰਦ ਕਮਰਾ ਮੀਟਿੰੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਅਕਾਲੀ ਦਲ ਨੇ ਇਸ ਵਾਰ ਬੀਬੀ ਮੁਖਮੈਲਪੁਰ ਦੀ ਟਿਕਟ ਕੱਟ ਕੇ ਪ੍ਰੋ. ਚੰਦੂਮਾਜਰਾ ਨੂੰ ਮੈਦਾਨ ’ਚ ਉਤਾਰ ਦਿੱਤਾ ਜਿਸ ਕਰਕੇ ਮੁਖਮੈਲਪੁਰ ਪਰਿਵਾਰ ਨਰਾਜ਼ ਦੱਸਿਆ ਜਾ ਰਿਹਾ ਹੈ। ਸੁਖਦੇਵ ਸਿੰਘ ਢੀਂਡਸਾ ਨੇ ਅੱਜ ਉਨ੍ਹਾਂ ਦੇ ਘਰ ਜਾ ਕੇ ਮੁਖਮੈਲਪੁਰ ਪਤੀ ਪਤਨੀ ਸਮੇਤ ਪਰਿਵਾਰ ਦੇ ਕੁਝ ਕੁ ਹੋਰ ਮੈਂਬਰਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਇਸ ਮੀਟਿੰਗ ਦੀ ਭਾਵੇਂ ਕਿ ਦੋਵਾਂ ਧਿਰਾਂ ਨੇ ਪੁਸ਼ਟੀ ਕੀਤੀ ਹੈ, ਪਰ ਵੇਰਵੇ ਦੇਣ ਤੋਂ ਕਿਨਾਰਾ ਕੀਤਾ ਜਾ ਰਿਹਾ ਹੈ। ਸੰਪਰਕ ਕਰਨ ’ਤੇ ਬੀਬੀ ਮੁਖਮੈਲਪੁਰ ਦਾ ਕਹਿਣਾ ਸੀ ਕਿ ਉਹ ਕੋਈ ਵੀ ਫੈਸਲਾ ਅਗਲੇ ਹਫਤੇ ਤੱਕ ਲੈਣਗੇ। -ਖੇਤਰੀ ਪ੍ਰਤੀਨਿਧ