ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਜੁਲਾਈ
ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਪ੍ਰਧਾਨਗੀ ਦੀ ਕੀਤੀ ਪੇਸ਼ਕਸ਼ ਠੁਕਰਾਅ ਦਿੱਤੀ ਹੈ। ਇਸ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਬ੍ਰਹਮਪੁਰਾ ਦਾ ਸਤਿਕਾਰ ਹੈ ਪਰ ਕੋਈ ਵੀ ਅਹੁਦਾ ਜਾਂ ਪਾਰਟੀ ਸ਼ਰਤਾਂ ਨਾਲ ਨਹੀਂ ਚਲਾਈ ਜਾ ਸਕਦੀ। ਸ੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ਦੇ ਮੱਦੇਨਜ਼ਰ ਜੇ ਹਮ ਖ਼ਿਆਲ ਆਗੂ ਬਾਦਲਾਂ ਅਤੇ ਕਾਂਗਰਸ ਤੋਂ ਸੂਬੇ ਨੂੰ ਮੁਕਤ ਕਰਾਉਣਾ ਚਾਹੁੰਦੇ ਹਨ ਤਾਂ ਇੱਕ ਮੰਚ ’ਤੇ ਇਕੱਤਰ ਹੋਣਾ ਪਵੇਗਾ। ਰਾਜ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਹਿਤੈਸ਼ੀ ਆਗੂਆਂ ਨੂੰ ਅਹੁਦਿਆਂ ਦੀ ਲਾਲਸਾ ਛੱਡ ਕੇ ਪੰਜਾਬ ਦੀ ਬਿਹਤਰੀ ਲਈ ਸੋਚਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪੰਥਕ ਸੋਚ ਦੇ ਧਾਰਨੀ ਆਗੂਆਂ ਨੂੰ ਇਕੱਠੇ ਕਰਨਾ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਭੰਗ ਕਰਨਾ ਪਵੇਗਾ। ਸ੍ਰੀ ਢੀਂਡਸਾ ਨੇ ਕਿਹਾ ਕਿ ਨਵਾਂ ਅਕਾਲੀ ਦਲ ਕਾਇਮ ਕਰ ਕੇ ਤੇ ਨਵਾਂ ਹੀ ਵਿਧੀ ਵਿਧਾਨ ਬਣਾ ਕੇ ਉਸ ਦੇ ਮੁਤਾਬਕ ਪੰਥਕ ਸੋਚ ਦੇ ਆਧਾਰ ’ਤੇ ਹੀ ਅਕਾਲੀ ਦਲ ਦੀ ਲੋਕਾਂ ਵਿੱਚ ਪਛਾਣ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਲੋਕਾਂ ਵਿੱਚੋਂ ਆਧਾਰ ਗਵਾ ਚੁੱਕਾ ਹੈ। ਇਸ ਲਈ ਸਿੱਖਾਂ ਨੂੰ ਸੇਧ ਦੇਣ ਲਈ 1920 ਦੇ ਜਜ਼ਬੇ ਵਾਲਾ ਅਕਾਲੀ ਦਲ ਕਾਇਮ ਕਰਨਾ ਪਵੇਗਾ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦਾ ਸਰਮਾਇਆ ਪਹਿਲਾਂ ਬਾਦਲਾਂ ਨੇ ਲੁੱਟਿਆ ਤੇ ਹੁਣ ਕਾਂਗਰਸੀਆਂ ਵੱਲੋਂ ਲੁੱਟਿਆ ਜਾ ਰਿਹਾ ਹੈ।