ਸੰਜੀਵ ਬੱਬੀ
ਚਮਕੌਰ ਸਾਹਿਬ, 3 ਮਾਰਚ
ਚਮਕੌਰ ਸਾਹਿਬ ਇਲਾਕੇ ਦੇ ਪਿੰਡਾਂ ਵਿਚਲੀਆਂ ਲਿੰਕ ਸੜਕਾਂ ਦਾ ਬਹੁਤ ਹੀ ਲੰਮੇ ਸਮੇਂ ਤੋਂ ਮਾੜਾ ਹਾਲ, ਕਿਉਂਕਿ ਇਹ ਸੜਕਾਂ ਟੁੱਟਣ ਕਾਰਨ ਟੋਟਿਆਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ, ਜਿਸ ਕਾਰਨ ਪਿੰਡਾਂ ਦੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੇੜੀ ਨੇ ਦੱਸਿਆ ਕਿ ਪਿੰਡ ਭੋਜੇਮਾਜਰਾ ਤੋ ਪਿੰਡ ਖੇੜੀ ਸਲਾਬਤਪੁਰ ਨੂੰ ਜਾਂਦੀ ਲਿੰਕ ਸੜਕ ਪਿਛਲੇ 4 ਸਾਲਾਂ ਤੋਂ ਬੇਹੱਦ ਟੁੱਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਸਬੰਧੀ ਕਈ ਵਾਰ ਸਬੰਧਤ ਵਿਭਾਗ ਨੂੰ ਤੇ ਪ੍ਰਸ਼ਾਸਨ ਨੂੰ ਲੋਕ ਦੱਸ ਵੀ ਚੁੱਕੇ ਹਨ ਪਰ ਅਜੇ ਤੱਕ ਇਸ ਸੜਕ ਨੂੰ ਬਣਾਇਆ ਨਹੀਂ ਗਿਆ। ਇਸ ਤੋਂ ਇਲਾਵਾ ਚਮਕੌਰ ਸਾਹਿਬ ਤੋਂ ਪਿੰਡ ਸੰਧੂਆਂ ਨੂੰ ਜਾਂਦੀ ਸੜਕ ’ਤੇ ਪਿੰਡ ਭੂਰੜੇ ਨੂੰ ਜਾਂਦੀ ਸੜਕ ਨਾਲ ਹੀ ਬਰਸਾਲਪੁਰ ਨੂੰ ਜਾਂਦੀ ਸੜਕ ਤੇ ਕਸਬਾ ਬੇਲਾ ਤੋਂ ਬਹਿਰਾਮਪੁਰ ਬੇਟ ਸੜਕ ਦਾ ਵੀ ਮਾੜਾ ਹਾਲ , ਜਦੋਂ ਕਿ ਇਸ ਸੜਕ ਨੂੰ ਬਣਾਉਣ ਤੇ ਚੌੜਾ ਕਰਨ ਲਈ ਨੀਂਹ ਪੱਥਰ ਵੀ ਰੱਖਿਆ ਗਿਆ ਸੀ, ਜਿਸ ਨੂੰ ਵੀ ਕਈ ਮਹੀਨੇ ਬੀਤ ਗਏ ਹਨ ਪਰ ਸੜਕ ਨਹੀਂ ਬਣੀ। ਉਕਤ ਸੜਕਾਂ ਤੋਂ ਇਲਾਵਾ ਬਹੁਤ ਹੋਰ ਲਿੰਕ ਸੜਕਾਂ ਅਜਿਹੀਆਂ ਹਨ, ਜਿਹੜੀਆਂ ਕਾਫੀ ਲੰਮੇ ਸਮੇਂ ਤੋਂ ਟੁੱਟੀਆਂ ਹੋਈਆਂ ਹਨ। ਅਕਾਲੀ ਦਲ ਦੇ ਸੂਬਾ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ, ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋਂ, ਪੈਨਸ਼ਨ ਮਹਾਂ ਸੰਘ ਦੇ ਪ੍ਰਧਾਨ ਲੈਕਚਰਾਰ ਧਰਮ ਪਾਲ ਸੋਖਲ ਨੇ ਮੰਗ ਕੀਤੀ ਕਿ ਇਲਾਕੇ ਦੀਆਂ ਉਕਤ ਲਿੰਕ ਸੜਕਾਂ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ।