ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 31 ਅਗਸਤ
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣ ਕੇ ਮਾਰਨ ਵਾਲੇ ਬੱਬਰ ਖਾਲਸਾ ਜਥੇਬੰਦੀ ਦੇ ਦਿਲਾਵਰ ਸਿੰਘ ਬੱਬਰ ਦੀ 26ਵੀਂ ਬਰਸੀ ਅੱਜ ਇੱਥੇ ਹਰਿਮੰਦਰ ਸਾਹਿਬ ਸਮੂਹ ਵਿੱਚ ਮਨਾਈ ਗਈ। ਅਕਾਲ ਤਖ਼ਤ ਦੀ ਉੱਪਰਲੀ ਮੰਜ਼ਿਲ ’ਤੇ ਇਸ ਸਬੰਧੀ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਕੀਰਤਨ ਮਗਰੋਂ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਹਿੰਦਰ ਸਿੰਘ ਨੇ ਦਿਲਾਵਰ ਸਿੰਘ ਦੇ ਭਰਾ ਚਮਕੌਰ ਸਿੰਘ ਤੇ ਉਸ ਦੀ ਪਤਨੀ ਚਰਨਜੀਤ ਕੌਰ ਤੇ ਹੋਰਨਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੱਬਰ ਖਾਲਸਾ ਦੇ ਆਗੂ ਭਾਈ ਵਧਾਵਾ ਸਿੰਘ ਬੱਬਰ ਤੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਵੀ ਪੜ੍ਹਿਆ ਗਿਆ। ਹਵਾਰਾ ਕਮੇਟੀ ਦੇ ਮੈਂਬਰ ਬਾਪੂ ਗੁਰਚਰਨ ਸਿੰਘ ਨੇ ਦੋਵੇਂ ਸੰਦੇਸ਼ ਪੜ੍ਹੇ। ਸੰਦੇਸ਼ ਵਿੱਚ ਭਾਈ ਹਵਾਰਾ ਨੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਕੌਮੀ ਸ਼ਹੀਦ ਦੀ ਤਸਵੀਰ ਲਾਉਣ ਦੀ ਮੰਗ ਕਰਦਿਆਂ ਸਿੱਖ ਕੌਮ ਨੂੰ ਸਵੈ-ਮੰਥਨ ਕਰਨ ਲਈ ਆਖਿਆ। ਇਸ ਮੌਕੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਲੱਗੇ। ਇਸ ਦੌਰਾਨ ਬਾਪੂ ਗੁਰਚਰਨ ਸਿੰਘ ਤੇ ਅਖੰਡ ਕੀਰਤਨੀ ਜਥੇ ਦੇ ਮੁਖੀ ਜਥੇਦਾਰ ਬਖ਼ਸ਼ੀਸ਼ ਸਿੰਘ ਨੂੰ ਵੀ ਤਖ਼ਤ ਵੱਲੋਂ ਸਨਮਾਨਿਆ ਗਿਆ। ਗੁਰਦੁਆਰਾ ਸ਼ਹੀਦ ਗੰਜ ਬੀ-ਬਲਾਕ ਵਿੱਚ ਵੀ ਇਸ ਸਬੰਧੀ ਸਮਾਗਮ ਕੀਤਾ ਗਿਆ। ਇਸ ਮੌਕੇ ਪੰਥਕ ਜਥੇਬੰਦੀਆਂ ਅਖੰਡ ਕੀਰਤਨੀ ਜਥਾ, ਹਵਾਰਾ ਕਮੇਟੀ, ਅਕਾਲ ਫੈੱਡਰੇਸ਼ਨ, ਅਕਾਲ ਯੂਥ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਸੰਯੁਕਤ, ਤਰਨਾ ਦਲ ਬਾਬਾ ਬਕਾਲਾ, ਦਲ ਖਾਲਸਾ, ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲੇ, ਜਥਾ ਸਿਰਲੱਥ ਤੇ ਸਤਿਕਾਰ ਕਮੇਟੀ ਦੇ ਪ੍ਰਤੀਨਿਧ ਸ਼ਾਮਲ ਸਨ।