ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 31 ਅਗਸਤ
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਲਈ ਮਨੁੱਖੀ ਬੰਬ ਬਣੇ ਦਿਲਾਵਰ ਸਿੰਘ ਦੀ 25ਵੀਂ ਬਰਸੀ ਅੱਜ ਸ੍ਰੀ ਅਕਾਲ ਤਖ਼ਤ ’ਤੇ ਮਨਾਈ ਗਈ। ਇਸ ਮੌਕੇ ਖਾਲਿਸਤਾਨ ਪੱਖੀ ਨਾਅਰੇ ਵੀ ਲੱਗੇ ਅਤੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਵੀ ਪੜ੍ਹਿਆ ਗਿਆ। ਅੱਜ ਦੇ ਦਿਨ ਦਿਲਾਵਰ ਸਿੰਘ ਵਲੋਂ ਮਨੁੱਖੀ ਬੰਬ ਬਣ ਕੇ ਪੰਜਾਬ ਸਕੱਤਰੇਤ ਚੰਡੀਗੜ੍ਹ ਵਿਚ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਧਮਾਕੇ ਨਾਲ ਉਡਾ ਦਿੱਤਾ ਗਿਆ ਸੀ। ਉਸ ਦੀ ਬਰਸੀ ਸਬੰਧੀ ਅੱਜ ਸ੍ਰੀ ਅਕਾਲ ਤਖ਼ਤ ਦੀ ਉਪਰਲੀ ਮੰਜ਼ਿਲ ’ਤੇ ਅਖੰਡ ਪਾਠ ਦੇ ਭੋਗ ਪਾਏ ਗਏ। ਅਰਦਾਸ ਅਤੇ ਮੁੱਖ ਵਾਕ ਮਗਰੋਂ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਵੀ ਪੜਿ੍ਹਆ ਗਿਆ ਜਿਸ ਵਿਚ ਭਾਈ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਸਮਾਗਮ ਵਿਚ ਗਰਮ ਖਿਆਲੀ ਜਥੇਬੰਦੀਆਂ ਵਿਚੋਂ ਦਲ ਖਾਲਸਾ, ਮਾਨ ਦਲ, ਹਵਾਰਾ ਕਮੇਟੀ ਸਮੇਤ ਅਖੰਡ ਕੀਰਤਨੀ ਜਥਾ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
ਸਿੱਖ ਅਜਾਇਬ ਘਰ ਵਿਚ ਤਸਵੀਰ ਸਥਾਪਤ ਕਰਨ ਦੀ ਮੰਗ
ਗਰਮ ਖਿਆਲੀ ਆਗੂਆਂ ਵਲੋਂ ਦਿਲਾਵਰ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਸਥਾਪਤ ਕਰਨ ਦੀ ਮੰਗ ਕੀਤੀ ਗਈ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਵਲੋਂ ਉਸ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ ਪਰ ਹੁਣ ਤਕ ਉਸ ਦਾ ਚਿੱਤਰ ਸਥਾਪਤ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਅਜਾਇਬ ਘਰ ਵਿਚ ਸਿੱਖ ਸੰਘਰਸ਼ ਦੇ ਹੋਰਨਾਂ ਸ਼ਹੀਦਾਂ ਦੇ ਵੀ ਚਿੱਤਰ ਸਥਾਪਤ ਕੀਤੇ ਜਾਣ। ਉਨ੍ਹਾਂ ਸ਼੍ਰੋਮਣੀ ਕਮੇਟੀ ’ਤੇ ਇਸ ਮੰਗ ਨੂੰ ਜਾਣਬੁੱਝ ਕੇ ਅਣਗੌਲਿਆਂ ਕਰਨ ਦਾ ਦੋਸ਼ ਲਾਇਆ। ਬੱਬਰ ਖਾਲਸਾ ਜਥੇਬੰਦੀ ਦੇ ਮੁਖੀ ਵਧਾਵਾ ਸਿੰਘ ਬੱਬਰ ਦਾ ਸੰਦੇਸ਼ ਵੀ ਵੰਡਿਆ ਗਿਆ।