ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 20 ਨਵੰਬਰ
ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਗਿੱਦੜਬਾਹਾ ਦੇ ਗੁਰਦੁਆਰੇ ’ਚ ਇੱਕੋ ਵੇਲੇ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਏ, ਜਿਸ ਵੇਲੇ ਡਿੰਪੀ ਢਿੱਲੋਂ ਗੁਰਦੁਆਰੇ ਗਏ ਤਾਂ ਅੰਮ੍ਰਿਤਾ ਵੜਿੰਗ ਪਹਿਲਾਂ ਹੀ ਮੱਥਾ ਟੇਕਣ ਪੁੱਜੇ ਹੋਏ ਸਨ।
ਇਸ ਦੌਰਾਨ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਬਾਹਰ ਕੁਝ ਸਮਾਂ ਰੁਕ ਕੇ ਉਨ੍ਹਾਂ ਦਾ ਇੰਤਜ਼ਾਰ ਕੀਤਾ, ਜਦੋਂ ਅੰਮ੍ਰਿਤਾ ਵੜਿੰਗ ਤੇ ਉਨ੍ਹਾਂ ਦੇ ਸਾਥੀ ਮੱਥਾ ਟੇਕ ਕੇ ਬਾਹਰ ਆਏ ਤਾਂ ਦੋਵਾਂ ਆਗੂਆਂ ਨੇ ਇੱਕ-ਦੂਜੇ ਦਾ ਮੁਸਕਰਾ ਕੇ ਸਵਾਗਤ ਕੀਤਾ, ਸੁੱਖ-ਸਾਂਦ ਪੁੱਛੀ ਅਤੇ ਵੋਟਰਾਂ ਨੂੰ ਕਾਨੂੰਨ ਅਨੁਸਾਰ ਵੋਟਾਂ ਪਾਉਣ ਦੀ ਅਪੀਲ ਕੀਤੀ।
ਉਨ੍ਹਾਂ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਗਿੱਦੜਬਾਹਾ ਹਲਕੇ ’ਚ ਇਹ ਤਬਦੀਲੀ ਵੀ ਦੇਖੀ ਗਈ ਕਿ ਨਿਰੋਲ ਪੇਂਡੂ ਹਲਕਾ ਹੋਣ ਦੇ ਬਾਵਜੂਦ ਪਿੰਡਾਂ ਵਿੱਚ ਭਾਜਪਾ ਦੇ ਬੂਥ ਬੜੇ ਸ਼ਾਨ ਨਾਲ ਲੱਗੇ ਅਤੇ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਖ਼ੁਦ ਪਿੰਡਾਂ ਵਿੱਚ ਬੂਥਾਂ ’ਤੇ ਘੁੰਮਦੇ ਦਿਖਾਈ ਦਿੱਤੇ ਜਦਕਿ ਕਿਸੇ ਤਰ੍ਹਾਂ ਦੀ ਕੋਈ ਤਕਰਾਰ ਜਾਂ ਲੜਾਈ-ਝਗੜਾ ਨਹੀਂ ਹੋਇਆ।