ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਜੁਲਾਈ
‘ਕੌਂਸਲ ਆਫ ਡਿਪਲੋਮਾ ਇੰਜਨੀਅਰਜ਼’ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਪੁੱਜੇ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਦੇ ਸੈਂਕੜੇ ਜੂਨੀਅਰ ਇੰਜਨੀਅਰਾਂ, ਸਹਾਇਕ ਇੰਜਨੀਅਰਾਂ ਅਤੇ ਤਰੱਕੀ ਯਾਫਤਾ ਐੱਸਡੀਓਜ਼ ਨੇ ਅੱਜ ਲੋਕ ਨਿਰਮਾਣ ਵਿਭਾਗ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਦਾ ਘਿਰਾਓ ਕਰ ਕੇ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਸਾੜੀਆਂ। ਇਸ ਰਿਪੋਰਟ ਵਿਚਲੀਆਂ ਵਿਰੋਧੀ ਸਿਫਾਰਸ਼ਾਂ ਤੋੋਂ ਤਪੇ ਇਨ੍ਹਾਂ ਇੰਜਨੀਅਰਾਂ ਨੇ ਅੱਜ ਇੱਥੇ ਤਪਦੀ ਧੁੱਪ ’ਚ ਤਿੰਨ ਘੰਟੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਕੈਪਟਨ ਸਰਕਾਰ ਨੂੰ ਵੀ ਤਪਾ ਕੇ ਰੱਖਣ ਦਾ ਅਹਿਦ ਲਿਆ ਗਿਆ ਤੇ ਇੰਜਨੀਅਰਾਂ ਵਿਰੋਧੀ ਸਿਫਾਰਸ਼ਾਂ ਤੇ ਮੱਦਾਂ ਜਲਦੀ ਵਾਪਸ ਨਾ ਲੈਣ ’ਤੇ ਪਟਿਆਲਾ ਸਥਿਤ ਨਿਊ ਮੋਤੀ ਬਾਗ਼ ਪੈਲੇਸ ਅਤੇ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ ਵੀ ਕੀਤਾ ਗਿਆ। ਅੱਠ ਜੁਲਾਈ ਨੂੰ ਡੀਸੀ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ।
ਰੋਸ ਮੁਜ਼ਾਹਰੇ ਦੀ ਅਗਵਾਈ ਕਰਦਿਆਂ, ਕੌਂਸਲ ਦੇ ਸੂਬਾਈ ਚੇਅਰਮੈਨ ਮਨਜਿੰਦਰ ਮੱਤੇਨੰਗਲ ਤੇ ਸੂਬਾਈ ਆਗੂਆਂ ਦਿਲਪ੍ਰੀਤ ਲੋਹਟ, ਸੁਖਵਿੰਦਰ ਬਾਂਗੋਵਾਨੀ, ਹਰਜੀਤ ਧਾਲੀਵਾਲ ਨੇ ਕਿਹਾ ਕਿ ਪੇਅ ਕਮਿਸ਼ਨ ਕਾਰਨ ਸਰਕਾਰ ਖ਼ਿਲਾਫ਼ ਰੋਹ ਹੋਰ ਪ੍ਰਚੰਡ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਛੇਵਾਂ ਪੇਅ ਕਮਿਸ਼ਨ 2.25 ਗੁਣਾਂਕ ਦੀ ਬਜਾਇ 3.01 ਦੇ ਹਿਸਾਬ ਨਾਲ ਨਾ ਦਿੱਤਾ ਗਿਆ ਤਾਂ 20 ਜੁਲਾਈ ਤੋਂ ਬਾਅਦ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਮਾਮਲੇ ’ਚ ਮੁੱਖ ਮੰਤਰੀ ਦਾ ਦਖ਼ਲ ਮੰਗਿਆ। ਇਸ ਮੌਕੇ ਰਾਜਿੰਦਰ ਗੌੜ, ਗੁਰਵਿੰਦਰ ਬੇਦੀ, ਕੁਲਬੀਰ ਬੈਨੀਪਾਲ, ਮੋਹਨ ਸਹੋਤਾ, ਹਰਜੀਤ ਬੈਨੀਪਾਲ, ਬਿੱਕਰ ਸਿੰਘ, ਪਰਵਿੰਦਰ ਕੁਮਾਰ, ਹਰਿੰਦਰ ਗਿੱਲ, ਪਲਵਿੰਦਰ ਪੰਧੇਰ ਹਾਜ਼ਰ ਸਨ।