ਅਜੈ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 26 ਸਤੰਬਰ
ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੇ ਇੱਕ ਗੁਦਾਮ ਵਿਚ ਦੋ ਵਪਾਰੀ ਧਿਰਾਂ ਵਿਚਾਲੇ ਲੋਹੇ ਦੇ ਸਕਰੈਪ ਦੀ ਖਰੀਦ-ਫ਼ਰੋਖਤ ਨੂੰ ਲੈ ਕੇ ਝਗੜਾ ਹੋ ਗਿਆ।
ਜਾਣਕਾਰੀ ਮੁਤਾਬਕ ਮੰਡੀ ਗੋਬਿੰਦਗੜ੍ਹ ਦੇ ਐਰੀ ਮਿੱਲ ਰੋਡ ’ਤੇ ਬਣੇ ਇਕ ਗੁਦਾਮ ਵਿਚ ਲੋਹੇ ਦੇ ਸਕਰੈਪ ਦੀ ਖਰੀਦ ਕਰਨ ਵਾਲੇ ਅਸ਼ੋਕ ਅਗਰਵਾਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਤੇ ਉਸ ਦਾ ਲੜਕਾ ਦੇਵ ਸ਼ਾਮ ਵੇਲੇ ਗੁਦਾਮ ਵਿਚ ਸਨ। ਇਸ ਦੌਰਾਨ ਸੁਰਿੰਦਰ ਕੁਮਾਰ ਅਤੇ ਉਸ ਦਾ ਲੜਕਾ ਮੋਹਿਤ ਗੁਦਾਮ ਵਿਚ ਬਣੇ ਉਨ੍ਹਾਂ ਦੇ ਦਫਤਰ ਵਿਚ ਆ ਕੇ ਬਹਿਸ ਕਰਨ ਲੱਗ ਪਏ। ਉਨ੍ਹਾਂ ਦਾ ਕਹਿਣਾ ਸੀ, ‘‘ਤੁਸੀਂ ਸਾਡਾ ਸਕਰੈਪ ਖਰੀਦਣਾ ਬੰਦ ਕਿਉਂ ਕਰ ਦਿੱਤਾ ਹੈ।’’ ਉਸ ਉਪਰੰਤ ਮੋਹਿਤ ਕੁਮਾਰ ਨੇ ਕਿਸੇ ਨਾਮਾਲੂਮ ਵਿਅਕਤੀ ਨੂੰ ਫੋਨ ਕਰ ਕੇ ਉੱਥੇ ਸੱਦ ਲਿਆ ਅਤੇ ਦੋਹਾਂ ਧਿਰਾਂ ਦੀ ਆਪਸ ਵਿੱਚ ਹੋਈ ਬਹਿਸ ਤੋਂ ਬਾਅਦ ਗੱਲ ਹੱਥੋਪਾਈ ਤੱਕ ਪਹੁੰਚ ਗਈ। ਉਨ੍ਹਾਂ ਦੋਸ਼ ਲਾਇਆ ਕਿ ਇਸ ਝਗੜੇ ਦੌਰਾਨ ਮੋਹਿਤ ਕੁਮਾਰ ਵੱਲੋਂ ਸੱਦੇ ਗਏ ਅਣਪਛਾਤੇ ਵਿਅਕਤੀ ਨੇ ਗੱਲੇ ਵਿਚ ਪਏ ਅੱਠ ਲੱਖ ਰੁਪਏ ਕੱਢ ਲਏ ਅਤੇ ਦੌੜ ਗਿਆ। ਇਸ ਤੋਂ ਇਲਾਵਾ ਸੁਰਿੰਦਰ ਕੁਮਾਰ ਅਤੇ ਮੋਹਿਤ ਕੁਮਾਰ ਉਨ੍ਹਾਂ ਦੀਆਂ ਇਨੋਵਾ ਅਤੇ ਹੌਂਡਾ ਸਿਟੀ ਗੱਡੀਆਂ ਦੇ ਸ਼ੀਸ਼ੇ ਤੇ ਦਫਤਰ ਦੇ ਸ਼ੀਸ਼ੇ ਭੰਨ ਕੇ ਮੌਕੇ ਤੋਂ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲੀਸ ਨੇ ਕਥਿਤ ਦੋਸ਼ੀਆਂ ਸੁਰਿੰਦਰ ਕੁਮਾਰ, ਮੋਹਿਤ ਕੁਮਾਰ ਵਾਸੀਆਨ ਦਸਮੇਸ਼ ਕਲੋਨੀ, ਮੰਡੀ ਗੋਬਿੰਦਗੜ੍ਹ ਅਤੇ ਉਨਾਂ ਦੇ ਅਣਪਛਾਤੇ ਸਾਥੀ ਵਿਰੁੱਧ ਕੇਸ ਦਰਜ ਕਰ ਲਿਆ ਹੈ।