ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 4 ਅਪਰੈਲ
ਅੱਜ ਇਥੋਂ ਨਜ਼ਦੀਕੀ ਨਿੱਜਰਪੁਰਾ ਟੌਲ ਪਲਾਜ਼ਾ ’ਤੇ ਪੰਜਾਬ ਰੋਡਵੇਜ਼ ਚੰਡੀਗੜ੍ਹ ਡਿੱਪੂ ਦੀ ਬੱਸ ਚੰਡੀਗੜ੍ਹ ਤੋਂ ਅੰਮ੍ਰਿਤਸਰ ਆ ਰਹੀ ਸੀ ਨੂੰ ਟੋਲ ਦੀ ਸਾਈਡ ਲੇਨ ਤੋਂ ਜ਼ਬਰਦਸਤੀ ਕੱਢਣ ਲੱਗਿਆਂ ਬੱਸ ਡਰਾਈਵਰ ਤੇ ਟੌਲ ਮੁਲਾਜ਼ਮਾਂ ਦਾ ਝਗੜਾ ਹੋ ਗਿਆ, ਜਿਸ ਕਾਰਨ ਰੋਡਵੇਜ਼ ਮੁਲਾਜ਼ਮਾਂ ਨੇ ਆਪਣੀਆਂ ਬੱਸਾਂ ਟੌਲ ਪਲਾਜ਼ਾ ‘ਤੇ ਜੀਟੀ ਰੋਡ ਵਿਚਕਾਰ ਖੜ੍ਹੀਆਂ ਕਰ ਕੇ ਆਵਾਜਾਈ ਠੱਪ ਕਰ ਦਿੱਤੀ। ਜਾਣਕਾਰੀ ਦਿੰਦਿਆਂ ਰੋਡਵੇਜ਼ ਦੀ ਬੱਸ ਪੀਬੀ 65 ਬੀਬੀ 5361ਦੇ ਡਰਾਈਵਰ ਜਰਨੈਲ ਸਿੰਘ ਨੇ ਦੱਸਿਆ ਉਹ ਆਪਣੇ ਕੰਡਕਟਰ ਸਾਥੀ ਰਣਧੀਰ ਸਿੰਘ ਨਾਲ ਚੰਡੀਗੜ੍ਹ ਤੋਂ ਸਵਾਰੀਆਂ ਲੈ ਕੇ ਅੰਮ੍ਰਿਤਸਰ ਆ ਰਿਹਾ ਸੀ। ਨਿੱਜਰਪੁਰਾ ਟੌਲ ਪਲਾਜ਼ਾ ’ਤੇ ਗੱਡੀਆਂ ਦੀ ਕਤਾਰ ਲੱਗੀ ਹੋਣ ਕਾਰਨ ਸਾਈਡ ਲੇਨ ਵਿੱਚੋਂ ਟੌਲ ਮੁਲਾਜ਼ਮ ਹੋਰ ਗੱਡੀਆਂ ਕੱਢ ਰਹੇ ਸਨ ਅਤੇ ਉਹ ਵੀ ਆਪਣੀ ਬੱਸ ਕੱਢਣ ਲੱਗਿਆ ਤਾਂ ਟੌਲ ਮੁਲਾਜ਼ਮਾਂ ਨੇ ਉਸ ਦੀ ਬੱਸ ਦੇ ਅੱਗੇ ਬੈਰੀਕੇਡ ਕਰਕੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਹੱਥੋਪਾਈ ’ਚ ਉਸ ਦੀ ਵਰਦੀ ਵੀ ਪਾੜ ਗਈ। ਇਸ ਕਾਰਨ ਉਨ੍ਹਾਂ ਨੂੰ ਆਪਣੀ ਬੱਸ ਦੀਆਂ ਸਵਾਰੀਆਂ ਵੀ ਦੂਸਰੀ ਬੱਸ ਰਾਹੀਂ ਅੰਮ੍ਰਿਤਸਰ ਭੇਜਣੀਆਂ ਪਈਆਂ ਅਤੇ ਉਨ੍ਹਾਂ ਦਾ ਅੰਮ੍ਰਿਤਸਰ ਤੋਂ ਚੰਡੀਗੜ੍ਹ ਵਾਲਾ ਸਮਾਂ ਵੀ ਨਿਕਲ ਗਿਆ। ਦੂਜੇ ਪਾਸੇ ਟੌਲ ਮੈਨਜਰ ਦੇਵੀ ਲਾਲ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਜਦੋਂ ਰੋਡਵੇਜ਼ ਦੀ ਇਹ ਬੱਸ ਟੌਲ ਤੇ ਪਹੁੰਚੀ ਤਾਂ ਉਦੋਂ ਟੌਲ ਦੀਆਂ ਸਾਰੀਆਂ ਲੇਨਾਂ ਬਿਲਕੁਲ ਖਾਲੀ ਸਨ ਅਤੇ ਇਹ ਡਰਾਈਵਰ ਜ਼ਬਰਦਸਤੀ ਟੌਲ ਮੁਲਾਜ਼ਮ ਨੂੰ ਆਪਣੀ ਬੱਸ ਦੇ ਅੱਗੇ ਘੜੀਸਦਾ ਹੋਇਆ ਲੈ ਜਾਣ ਲੱਗਾ ਅਤੇ ਫਿਰ ਰੋਡਵੇਜ਼ ਮੁਲਾਜ਼ਮ ਨੇ ਹੋਰ ਬੱਸਾਂ ਨੂੰ ਵੀ ਟੌਲ ’ਤੇ ਰੋਕ ਕੇ ਸਾਰਾ ਟੌਲ ਜਾਮ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਪੁਲੀਸ ਬੁਲਾਉਣੀ ਪਈ ਅਤੇ ਮੌਕੇ ’ਤੇ ਆ ਕੇ ਐੱਸਐਚਓ ਜੰਡਿਆਲਾ ਗੁਰੂ ਬਲਕਾਰ ਸਿੰਘ ਨੇ ਜਾਮ ਖੁਲ੍ਹਵਾਇਆ। ਐੱਸਐੱਚਓ ਨੇ ਦੱਸਿਆ ਦੋਹਾਂ ਧਿਰਾਂ ਨੂੰ ਥਾਣੇ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ।