ਸ਼ਗਨ ਕਟਾਰੀਆ
ਜੈਤੋ, 1 ਜੂਨ
ਬੁਰਜ ਜਵਾਹਰ ਸਿੰਘ ਵਾਲਾ ਕਾਂਡ ਸਬੰਧੀ ਅੱਜ ਪਿੰਡ ਬਰਗਾੜੀ ਵਿਚ ਹੋਏ ਸਮਾਗਮ ਦੌਰਾਨ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਪੰਜਾਬ ਸਰਕਾਰ ’ਤੇ ‘ਵਿਸ਼ਵਾਸਘਾਤੀ’ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਆਖਿਆ ਕਿ ਬੇਅਦਬੀ ਘਟਨਾਵਾਂ ’ਚ ਇਨਸਾਫ਼ ਦੀ ਪ੍ਰਾਪਤੀ ਤੱਕ ਰੂਪ ਬਦਲ-ਬਦਲ ਕੇ ਪੜਾਅਵਾਰ ਸੰਘਰਸ਼ ਜਾਰੀ ਰਹੇਗਾ।
ਸਮਾਗਮ ਤੋਂ ਪਹਿਲਾਂ ਬਰਗਾੜੀ ਦੇ ਗੁਰੂ ਘਰ ਵਿਚ ਰੱਖੇ ਸਹਿਜ ਪਾਠ ਦੇ ਭੋਗ ਪਾਏ ਗਏ। ਪੰਜ ਵਰ੍ਹੇ ਪਹਿਲਾਂ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ’ਚੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਰੇ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਉਸ ਪਿੱਛੋਂ ਇਸ ਇਲਾਕੇ ’ਚ ਨਿਰੰਤਰ ਬੇਅਦਬੀ ਦੀਆਂ ਵਾਰਦਾਤਾਂ ਹੋਈਆਂ। ਉਨ੍ਹਾਂ ਕਿਹਾ ਕਿ ਬਾਦਲ ਦੀ ਅਗਵਾਈ ਵਾਲੀ ਸਰਕਾਰ ਸਮੇਂ ਵਾਪਰੇ ਬਹਬਿਲ ਗੋਲੀ ਕਾਂਡ ਸਮੇਤ ਇਨ੍ਹਾਂ ਦੁਖਾਂਤਾਂ ਦਾ ਜ਼ਿਕਰ ਸਿੱਖ ਇਤਿਹਾਸ ਦੇ ਪੰਨਿਆਂ ’ਤੇ ਕਾਲੇ ਅੱਖਰਾਂ ਵਿਚ ਅੰਕਿਤ ਹੋ ਗਿਆ ਹੈ। ਸਿੱਖ ਪੰਥ ਨੇ ਬਰਗਾੜੀ ’ਚ ਲੱਗੇ ਇਨਸਾਫ ਮੋਰਚੇ ਨੂੰ ਕੈਪਟਨ ਸਰਕਾਰ ਦੇ ਭਰੋਸੇ ’ਤੇ ਮੁਲਤਵੀ ਕੀਤਾ ਸੀ ਪਰ ਅਫਸੋਸ ਹੈ ਕਿ ਸਰਕਾਰ ਨੇ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬੇਅਦਬੀ ਕਰਨ ਅਤੇ ਕਰਾਉਣ ਵਾਲਿਆਂ ਨੂੰ ਬਚਾਉਣ ਵਾਲੇ ਹੁਣ ਲੋਕਾਂ ਦੀਆਂ ਨਜ਼ਰਾਂ ਵਿਚ ਗੁੱਝੇ ਨਹੀਂ ਰਹੇ। ਉਨ੍ਹਾਂ ਨਿਆਂ ਲੈਣ ਲਈ ਸਿੱਖਾਂ ਨੂੰ ਇਕ ਪਲੇਟਫਾਰਮ ’ਤੇ ਇਕੱਠੇ ਹੋਣ ਦਾ ਸੱਦਾ ਦਿੱਤਾ। ਇਸ ਦੌਰਾਨ ਸਿਮਰਨਜੀਤ ਸਿੰਘ ਮਾਨ ਦੀ ਗ਼ੈਰਹਾਜ਼ਰੀ ਵਿਚ ਉਨ੍ਹਾਂ ਦੇ ਕਰੀਬੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੁਰਜੀਤ ਸਿੰਘ ਅਰਾਈਆਂਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਗੁਰਦੀਪ ਸਿੰਘ ਬਠਿੰਡਾ, ਬਾਬਾ ਚਮਕੌਰ ਸਿੰਘ ਭਾਈਰੂਪਾ ਸਣੇ ਕਈ ਹੋਰ ਪੰਥਕ ਸ਼ਖ਼ਸੀਅਤਾਂ ਨੇ ਸੰਬੋਧਨ ਕੀਤਾ।