ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਜੁਲਾਈ
ਸਾਲ 2015 ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਅੱਜ ਪਟਿਆਲਾ ’ਚ ਸਿੱਖ ਪ੍ਰਚਾਰਕ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਬਿਆਨ ਕਲਮਬੰਦ ਕੀਤੇ।
ਢੱਡਰੀਆਂ ਵਾਲ਼ਿਆਂ ਤੋਂ ਮੁੱਖ ਰੂਪ ਵਿਚ 14 ਅਕਤੂਬਰ, 2015 ਨੂੰ ਕੋਟਕਪੂਰਾ ਵਿਚ ਧਰਨਾ ਦੇ ਰਹੀਆਂ ਸਿੱਖ ਸੰਗਤਾਂ ’ਤੇ ਪੁਲੀਸ ਵੱੱਲੋਂ ਲਾਠੀਚਾਰਜ ਕਰਨ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀਆਂ ਘਟਨਾਵਾਂ ਬਾਰੇ ਹੀ ਸਵਾਲ ਪੁੱਛੇ ਗਏ। ਇਸ ਘਟਨਾ ਵੇਲੇ ਢੱਡਰੀਆਂ ਵਾਲੇ ਵੀ ਉਥੇ ਮੌਜੂਦ ਸਨ।
ਏਡੀਜੀਪੀ ਐੱਲ ਕੇ ਯਾਦਵ ਦੀ ਅਗਵਾਈ ਹੇਠ ਸਿਟ ਅੱਜ ਇਥੇ ਸਰਕਟ ਹਾਊਸ ਵਿਖੇ ਪੁੱਜੀ। ਢੱਡਰੀਆਂ ਵਾਲੇ ਤੋਂ ਸਵੇਰੇ ਸਾਢੇ 11 ਵਜੇ ਪੁੱਛ-ਪੜਤਾਲ ਸ਼ੁਰੂ ਹੋਈ ਅਤੇ ਉਹ ਸਵਾ ਤਿੰਨ ਵਜੇ ਸਰਕਟ ਹਾਊਸ ਵਿਚੋਂ ਬਾਹਰ ਨਿਕਲੇ।
ਭਾਵੇਂ ਕਿ ਸਿਟ ਨੇ ਪੁੱਛ-ਪੜਤਾਲ ਬਾਰੇ ਕੋਈ ਗੱਲ ਸਾਂਝੀ ਨਾ ਕੀਤੀ ਪਰ ਢੱਡਰੀਆਂ ਵਾਲਿਆਂ ਨੇ ਆਸ ਜਤਾਈ ਕਿ ਨਵੀਂ ਸਿਟ ਕਿਸੇ ਨਤੀਜੇ ’ਤੇ ਜ਼ਰੂਰ ਪਹੁੰਚੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਅੱਜ ਚੌਥੀ ਵਾਰ ਬਿਆਨ ਦਰਜ ਕਰਵਾਏ ਹਨ ਅਤੇ ਜੇਕਰ ਫੇਰ ਬੁਲਾਇਆ ਗਿਆ ਤਾਂ ਉਹ ਮੁੜ ਪੇਸ਼ ਹੋਣ ਲਈ ਤਿਆਰ ਹਨ। ਜੇਕਰ ਪ੍ਰਤੱਖਦਰਸ਼ੀ ਹੀ ਮਾਮਲਾ ਜਾਂਚ ਟੀਮ ਦੇ ਧਿਆਨ ’ਚ ਨਹੀਂ ਲਿਆਉਣਗੇ, ਤਾਂ ਜਾਂਚ ਕਿਵੇਂ ਸਿਰੇ ਲੱਗੇਗੀ।’’
ਬੇਅਦਬੀ ਲਈ ਬਾਦਲ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ
ਬੇਅਦਬੀ ਦੀਆਂ ਘਟਨਾਵਾਂ ਲਈ ਉਨ੍ਹਾਂ ਤਤਕਾਲੀ ਬਾਦਲ ਸਰਕਾਰ ’ਤੇ ਉਂਗਲ ਚੁੱਕੀ ਅਤੇ ਕਿਹਾ ਕਿ ਇਹ ਮੰਦਭਾਗੀਆਂ ਘਟਨਾਵਾਂ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਸਰਕਾਰ ਸਮੇਂ ਵਾਪਰੀਆਂ। ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸੰਗਤਾਂ ’ਤੇ ਕਹਿਰ ਢਾਹੁਣ ਦੀਆਂ ਦਿਲ ਕੰਬਾਊ ਘਟਨਾਵਾਂ ਸਰਕਾਰ ਦੀ ਸਹਿਮਤੀ ਤੋਂ ਬਿਨਾ ਅੰਜਾਮ ਦਿੱਤਾ ਜਾਣਾ ਅਸੰਭਵ ਹੈ।
‘ਦਮਦਮੀ ਟਕਸਾਲ ਹਮਲੇ ਦੀ ਗੱਲ ਸਵੀਕਾਰੇ ਤਾਂ ਹੀ ਹੋਵੇਗਾ ਸਮਝੌਤਾ’
ਦਮਦਮੀ ਟਕਸਾਲ ਨਾਲ ਟਕਰਾਅ ਸਬੰਧੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਦੋ ਧਿਰਾਂ ਦਰਮਿਆਨ ਮੱਤਭੇਦ ਹੋ ਸਕਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਛਬੀਲ ਦੇ ਬਹਾਨੇ ਰੋਕ ਕੇ ਕਤਲ ਕਰ ਦਿੱਤਾ ਜਾਵੇ। ਦਮਦਮੀ ਟਕਸਾਲ ਨਾਲ ਆਪਸੀ ਸਮਝੌਤੇ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਵੈਸੇ ਤਾਂ ਕਿਸੇ ਦੀ ਜਾਨ ਲੈ ਲੈਣਾ ਘੋਰ ਅਪਰਾਧ ਤੇ ਪਾਪ ਹੈ ਪਰ ਜੇਕਰ ਉਹ ਇਸ ਹਮਲੇ ਸਬੰਧੀ ਗਲਤੀ ਮੰਨ ਲੈਂਦੇ ਹਨ ਤਾਂ ਸਮਝੌਤਾ ਹੀ ਸਮਝੌਤਾ ਹੈ। ਇਸ ਤੋਂ ਬਿਨਾ ਉਹ ਖੁਦ ਨੀਵਾਂ ਹੋ ਕੇ ਉਨ੍ਹਾਂ ਕੋਲ ਨਹੀਂ ਜਾਣਗੇ।