ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 23 ਸਤੰਬਰ
ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਸ਼ਨ ਫ਼ਤਿਹ ਤਹਿਤ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤਾਂ ਜੋ ਕੋਈ ਵੀ ਨਾਗਰਿਕ ਵਧੀਆ ਸਿਹਤ ਸੇਵਾਵਾਂ ਤੋਂ ਵਾਂਝਾ ਨਾ ਰਹੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬਾੜਾ ਸਰਹਿੰਦ ਤੋਂ 108 ਐਂਬੂਲੈਂਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਮਗਰੋਂ ਕੀਤਾ। ਸ੍ਰੀ ਨਾਗਰਾ ਨੇ ਕਿਹਾ ਕਿ ਇਸ ਐਂਬੂਲੈਂਸ ਨਾਲ ਪੀੜਤਾਂ ਨੂੰ ਛੇਤੀ ਹਸਪਤਾਲ ਪਹੁੰਚਾਉਣ ਵਿਚ ਸਹਾਇਤਾ ਮਿਲੇਗੀ। ਊਨ੍ਹਾਂ ਕਿਹਾ ਕਿ ਜੀਟੀ ਰੋਡ ਤੇ ਹੋਰ ਨੇੜਲੇ ਇਲਾਕਿਆਂ ਵਿਚ ਪਹਿਲਾਂ ਕੋਈ ਐਂਬੂਲੈਂਸ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਜੋ ਕਿ ਇਸ ਐਂਬੂਲੈਂਸ ਦੇ ਆਉਣ ਨਾਲ ਲੋਕਾਂ ਦੀ ਪ੍ਰੇਸ਼ਾਨੀ ਦਾ ਖਾਤਮਾ ਕਰਨ ਵਿਚ ਸਹਾਈ ਸਿੱਧ ਹੋਵੇਗੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੁਭਾਸ਼ ਸੂਦ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ, ਸਿਵਲ ਸਰਜਨ ਡਾ. ਸੁਰਿੰਦਰ ਸਿੰਘ, ਚਰਨਜੀਵ ਸ਼ਰਮਾ ਸਾਬਕਾ ਪ੍ਰਧਾਨ ਨਗਰ ਕੌਂਸਲ ਸਰਹਿੰਦ, ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ, ਸੁੰਦਰ ਲਾਲ, ਅੰਮ੍ਰਿਤਪਾਲ ਸਿੰਘ ਜੱਗੀ, ਗੁਰਸ਼ਰਨ ਸਿੰਘ, ਸੰਤ ਰਾਮ, ਕ੍ਰਿਸ਼ਨ ਸਿੰਘੀ, ਐਸ.ਐਮ.ਓ ਕੁਲਦੀਪ ਸਿੰਘ ਹਾਜ਼ਰ ਸਨ।