ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਸਤੰਬਰ
ਮੁੱਖ ਅੰਸ਼
- ਰੰਧਾਵਾ ਹੋਣਗੇ ਪੰਜਾਬ ਦੇ ਗ੍ਰਹਿ ਮੰਤਰੀ
- ਪੁਰਾਣੇ ਵਜ਼ੀਰਾਂ ਨੂੰ ਮਿਲੇ ਪੁਰਾਣੇ ਵਿਭਾਗ
ਪੰਜਾਬ ਦੇ ਨਵੇਂ ਮੰਤਰੀਆਂ ਨੂੰ ਦੋ ਦਿਨਾਂ ਦੇ ਜੋੜ-ਤੋੜ ਪਿੱਛੋਂ ਅੱਜ ਮਹਿਕਮਿਆਂ ਦੀ ਵੰਡ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਕੋਲ ਕਰੀਬ ਇੱਕ ਦਰਜਨ ਮਹਿਕਮੇ ਰੱਖੇ ਹਨ ਜਦੋਂ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲ ਗ੍ਰਹਿ ਮਾਮਲੇ, ਸਹਿਕਾਰਤਾ ਅਤੇ ਜੇਲ੍ਹ ਵਿਭਾਗ ਰਹਿਣਗੇ। ਦੂਸਰੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਸਿਹਤ ਤੇ ਪਰਿਵਾਰ ਭਲਾਈ, ਰੱਖਿਆ ਸੇਵਾਵਾਂ ਭਲਾਈ ਅਤੇ ਆਜ਼ਾਦੀ ਘੁਲਾਟੀਏ ਦੇ ਮਹਿਕਮੇ ਅਲਾਟ ਕੀਤੇ ਗਏ ਹਨ। ਵਿਭਾਗਾਂ ਦੀ ਵੰਡ ਸਮੇਂ ਅਗਲੀਆਂ ਚੋਣਾਂ ਨੂੰ ਮੁੱਖ ਤੌਰ ’ਤੇ ਧਿਆਨ ਵਿਚ ਰੱਖਿਆ ਗਿਆ ਹੈ। ਹਲਫ਼ਦਾਰੀ ਸਮਾਗਮ ਮਗਰੋਂ ਵਜ਼ੀਰਾਂ ਨੂੰ ਮਹਿਕਮੇ ਅਲਾਟ ਕਰਨ ਦੇ ਮਾਮਲੇ ’ਤੇ ਅੰਦਰੋ-ਅੰਦਰੀਂ ਖਿੱਚੋਤਾਣ ਚੱਲ ਰਹੀ ਸੀ। ਮਹਿਕਮਿਆਂ ਦੀ ਵੰਡ ਤੋਂ ਹੀ ਪੰਜਾਬ ਕਾਂਗਰਸ ਵਿਚ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ ਤੇ ਨਵਜੋਤ ਸਿੱਧੂ ਨੇ ਪ੍ਰਧਾਨਗੀ ਛੱਡ ਦਿੱਤੀ ਹੈ। ਬ੍ਰਹਮ ਮਹਿੰਦਰਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਨ ਆਸ਼ੂ ਅਤੇ ਵਿਜੈ ਇੰਦਰ ਸਿੰਗਲਾ ਨੂੰ ਪੁਰਾਣੇ ਵਿਭਾਗ ਸੌਂਪ ਦਿੱਤੇ ਗਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਿਫਾਰਸ਼ ਉਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨਵੇਂ ਬਣੇ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕਰ ਦਿੱਤੀ ਹੈ| ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਮਹਿਕਮਿਆਂ ਦੀ ਵੰਡ ਆਪਣੀ ਇੱਛਾ ਅਨੁਸਾਰ ਕਰਨ ਵਿਚ ਕਾਮਯਾਬ ਰਹੇ ਹਨ। ਪੁਰਾਣੇ ਵਜ਼ੀਰਾਂ ’ਚੋਂ ਬਹੁਤਿਆਂ ਨੂੰ ਪੁਰਾਣੇ ਮਹਿਕਮੇ ਹੀ ਅਲਾਟ ਕੀਤੇ ਗਏ ਹਨ| ਨਵੇਂ ਹੁਕਮਾਂ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਪਰਸੋਨਲ, ਵਿਜੀਲੈਂਸ, ਆਮ ਪ੍ਰਸ਼ਾਸਨ, ਨਿਆਂ, ਕਾਨੂੰਨੀ ਤੇ ਵਿਧਾਨਕ ਮਾਮਲੇ, ਸੂਚਨਾ ਤੇ ਲੋਕ ਸੰਪਰਕ, ਵਾਤਾਵਰਨ, ਮਾਈਨਿੰਗ ਤੇ ਜੀਓਲੋਜੀ, ਸ਼ਹਿਰੀ ਹਵਾਬਾਜ਼ੀ, ਆਬਕਾਰੀ, ਇਨਵੈਸਟਮੈਂਟ ਪ੍ਰੋਮੋਸ਼ਨ, ਪ੍ਰਾਹੁਣਚਾਰੀ, ਊਰਜਾ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮਹਿਕਮੇ ਰਹਿਣਗੇ। ਇਸ ਤੋਂ ਬਿਨਾਂ ਕਿਸੇ ਹੋਰ ਮੰਤਰੀ ਨੂੰ ਅਲਾਟ ਨਾ ਹੋਏ ਮਹਿਕਮੇ ਵੀ ਮੁੱਖ ਮੰਤਰੀ ਕੋਲ ਹੀ ਰਹਿਣਗੇ।
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਅਤੇ ਸ਼ਿਕਾਇਤ ਨਿਵਾਰਨ ਅਲਾਟ ਕੀਤੇ ਗਏ ਹਨ ਜਦਕਿ ਕੈਬਿਨਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵਿੱਤ, ਕਰ, ਗਵਰਨੈਂਸ ਰਿਫਾਰਮਜ਼, ਯੋਜਨਾਬੰਦੀ ਅਤੇ ਪ੍ਰੋਗਰਾਮ ਲਾਗੂ ਕਰਨ ਦੇ ਮਹਿਕਮਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਪੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਦੇ ਮਹਿਕਮੇ ਦਿੱਤੇ ਗਏ ਹਨ ਜਦਕਿ ਸ੍ਰੀਮਤੀ ਅਰੁਣਾ ਚੌਧਰੀ ਨੂੰ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੁਖਬਿੰਦਰ ਸਿੰਘ ਸਰਕਾਰੀਆ ਨੂੰ ਜਲ ਸਰੋਤ ਅਤੇ ਮਕਾਨ ਤੇ ਸ਼ਹਿਰੀ ਵਿਕਾਸ ਦੇ ਮਹਿਕਮੇ ਅਲਾਟ ਹੋਏ ਹਨ ਅਤੇ ਰਾਣਾ ਗੁਰਜੀਤ ਸਿੰਘ ਨੂੰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਰੋਜ਼ਗਾਰ ਉਤਪਤੀ ਤੇ ਸਿਖਲਾਈ, ਬਾਗਬਾਨੀ ਅਤੇ ਭੌਂ ਤੇ ਜਲ ਸੰਭਾਲ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਹੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ, ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਦੇ ਮਹਿਕਮੇ ਅਲਾਟ ਕੀਤੇ ਗਏ ਹਨ। ਹਾਲਾਂਕਿ ਰਜ਼ੀਆ ਸੁਲਤਾਨਾ ਨੇ ਸਿੱਧੂ ਦੀ ਹਮਾਇਤ ਵਿੱਚ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਿਜੈ ਇੰਦਰ ਸਿੰਗਲਾ ਨੂੰ ਲੋਕ ਨਿਰਮਾਣ ਅਤੇ ਪ੍ਰਸ਼ਾਸਕੀ ਸੁਧਾਰ ਦਾ ਜ਼ਿੰਮਾ ਸੌਂਪਿਆ ਗਿਆ ਹੈ। ਭਾਰਤ ਭੂਸ਼ਨ ਆਸ਼ੂ ਨੂੰ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਦਾ ਮਹਿਕਮਾ ਅਲਾਟ ਕੀਤਾ ਗਿਆ ਹੈ। ਰਣਦੀਪ ਸਿੰਘ ਨਾਭਾ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਦਾ ਜ਼ਿੰਮਾ ਸੌਂਪਿਆ ਗਿਆ ਹੈ ਜਦਕਿ ਡਾ. ਰਾਜ ਕੁਮਾਰ ਵੇਰਕਾ ਨੂੰ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀਆਂ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਮੈਡੀਕਲ ਸਿੱਖਿਆ ਤੇ ਖੋਜ ਮਹਿਕਮੇ ਅਲਾਟ ਕੀਤੇ ਗਏ ਹਨ। ਸੰਗਤ ਸਿੰਘ ਗਿਲਜੀਆਂ ਨੂੰ ਜੰਗਲਾਤ, ਜੰਗਲੀ ਜੀਵ ਅਤੇ ਕਿਰਤ ਵਿਭਾਗ ਦਿੱਤਾ ਗਿਆ ਹੈ। ਪਰਗਟ ਸਿੰਘ ਨੂੰ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਖੇਡਾਂ ਤੇ ਯੁਵਕ ਮਾਮਲੇ ਅਤੇ ਐੱਨਆਰਆਈ ਮਾਮਲਿਆਂ ਦੇ ਮਹਿਕਮੇ ਅਲਾਟ ਕੀਤੇ ਗਏ ਹਨ ਜਦੋਂ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਰਾਂਸਪੋਰਟ ਮਹਿਕਮਾ ਦਿੱਤਾ ਗਿਆ ਹੈ। ਗੁਰਕੀਰਤ ਸਿੰਘ ਕੋਟਲੀ ਨੂੰ ਉਦਯੋਗ ਤੇ ਵਪਾਰ, ਸੂਚਨਾ ਤਕਨਾਲੋਜੀ ਅਤੇ ਵਿਗਿਆਨ ਤੇ ਤਕਨਾਲੋਜੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਵਜ਼ੀਰਾਂ ਨੇ ਵਿਭਾਗ ਸੰਭਾਲੇ
ਨਵੇਂ ਮੰਤਰੀਆਂ ਨੇ ਅੱਜ ਮਹਿਕਮੇ ਮਿਲਣ ਮਗਰੋਂ ਫੌਰੀ ਆਪੋ-ਆਪਣੇ ਵਿਭਾਗਾਂ ਦਾ ਚਾਰਜ ਸੰਭਾਲ ਲਿਆ। ਕਈ ਮੰਤਰੀਆਂ ਵੱਲੋਂ ਜ਼ਿੰਮੇਵਾਰੀ ਸੰਭਾਲਣ ਮੌਕੇ ਮੁੱਖ ਮੰਤਰੀ ਚਰਨਜੀਤ ਚੰਨੀ ਖੁਦ ਹਾਜ਼ਰ ਰਹੇ। ਵਿਭਾਗੀ ਉੱਚ ਅਧਿਕਾਰੀਆਂ ਤੋਂ ਇਲਾਵਾ ਵਜ਼ੀਰਾਂ ਦੇ ਪਰਿਵਾਰਕ ਮੈਂਬਰ ਅਤੇ ਸਿਆਸੀ ਸਮਰਥਕ ਵੀ ਚਾਰਜ ਸੰਭਾਲਣ ਮੌਕੇ ਮੌਜੂਦ ਰਹੇ। ਤਕਰੀਬਨ ਨਵੇਂ ਮੰਤਰੀਆਂ ਨੇ ਚਾਰਜ ਸੰਭਾਲਣ ਮਗਰੋਂ ਹੀ ਅਗਲੇ 100 ਦਿਨਾਂ ਲਈ ਖਾਕਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿੱਚ ਵਿੱਤ, ਕਰ, ਪ੍ਰਸ਼ਾਸਨਿਕ ਸੁਧਾਰਾਂ ਤੇ ਪ੍ਰੋਗਰਾਮ ਲਾਗੂ ਕਰਨ ਦੇ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਉਹ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਇਹ ਜ਼ਿੰਮੇਵਾਰੀ ਸਾਂਭ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹੁਣ ਵਪਾਰਕ ਟੈਕਸ ਜਿਵੇਂ ਜੀਐੱਸਟੀ, ਵੈਟ ਤੇ ਪੈਟਰੋਲੀਅਮ ਉਤਪਾਦਾਂ ’ਤੇ ਹੋਰ ਟੈਕਸਾਂ ਦੀ ਵਾਧੂ ਜ਼ਿੰਮੇਵਾਰੀ ਹੋਵੇਗੀ। ਉਨ੍ਹਾਂ ਕਿਹਾ ਕਿ 2017 ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਤੋਂ ਵਿਰਾਸਤ ਵਿੱਚ ਮਿਲੀ ਸੂਬੇ ਦੀ ਡਾਵਾਂਡੋਲ ਆਰਥਿਕਤਾ ਦੇ ਬਾਵਜੂਦ ਉਨ੍ਹਾਂ ਵਧੀਆ ਕੰਮ ਕੀਤਾ ਹੈ।