ਦਿਲਬਾਗ ਸਿੰਘ ਗਿੱਲ
ਅਟਾਰੀ, 24 ਮਈ
ਦੇਸ਼ ਦੀ ਵੰਡ ਸਮੇਂ ਪਰਿਵਾਰ ਨਾਲੋਂ ਵਿੱਛੜੇ (ਹੁਣ ਚੜ੍ਹਦੇ ਪੰਜਾਬ ਰਹਿੰਦੇ) ਸਿੱਕਾ ਖਾਨ ਕੁਝ ਸਮਾਂ ਪਹਿਲਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਨਾਰੋਵਾਲ ਪਾਕਿਸਤਾਨ ਵਿੱਚ ਦਰਸ਼ਨ ਕਰਨ ਸਮੇਂ ਉੱਧਰ ਰਹਿੰਦੇ ਆਪਣੇ ਮੁਹੰਮਦ ਸਦੀਕ ਨੂੰ ਮਿਲੇ ਸਨ। ਇਸ ਤੋਂ ਬਾਅਦ ਜ਼ਿਲ੍ਹਾ ਬਠਿੰਡਾ ਦੇ ਪਿੰਡ ਫੁੱਲੇਵਾਲ ’ਚ ਰਹਿੰਦੇ ਸਿੱਕਾ ਖਾਨ 26 ਮਾਰਚ ਨੂੰ ਆਪਣੇ ਭਰਾ ਨੂੰ ਮਿਲਣ ਲਈ ਫੈਸਲਾਬਾਦ, ਪਾਕਿਸਤਾਨ ਗਏ ਸਨ। ਉਹ ਅੱਜ ਆਪਣੇ ਭਰਾ ਮੁਹੰਮਦ ਸਦੀਕ ਨੂੰ ਨਾਲ ਲੈ ਕੇ ਵਤਨ ਪਰਤੇ ਹਨ। ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤਣ ਮੌਕੇ ਅਟਾਰੀ ਸਰਹੱਦ ’ਤੇ ਪਹੁੰਚੇ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਅਟਾਰੀ ਸਰਹੱਦ ਵਿਖੇ ਗੱਲਬਾਤ ਕਰਦਿਆਂ ਸਿੱਕਾ ਖਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਸੀ ਕਿ ਉਸ ਦਾ ਭਰਾ ਪਾਕਿਸਤਾਨ ਵਿੱਚ ਸਹੀ ਸਲਾਮਤ ਹੈ। ਇਸ ਮਗਰੋਂ ਉਨ੍ਹਾਂ ਦੋਵਾਂ ਭਰਾਵਾਂ ਦੀ ਗੱਲਬਾਤ ਹੋਈ ਸੀ। ਉਨ੍ਹਾਂ ਦੱਸਿਆ ਕਿ ਉਹ ਦੋਵੇਂ ਭਰਾ 10 ਜਨਵਰੀ ਨੂੰ ਕਰਤਾਰਪੁਰ ਸਾਹਿਬ, ਨਾਰੋਵਾਲ (ਪਾਕਿਸਤਾਨ) ਦੇ ਦਰਸ਼ਨਾਂ ਦੌਰਾਨ ਇੱਕ-ਦੂਜੇ ਨੂੰ ਮਿਲੇ ਸਨ। ਉਨ੍ਹਾਂ ਕਿਹਾ ਕਿ ਭਰਾਵਾਂ ਦੀ ਮਿਲਣੀ ਦੌਰਾਨ ਪਾਕਿਸਤਾਨ ਵਿੱਚ ਰਹਿੰਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਜੋ ਪਿਆਰ ਮਿਲਿਆ ਹੈ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਉਹ ਪਾਕਿਸਤਾਨ ਰਹਿੰਦੇ ਆਪਣੇ ਰਿਸ਼ਤਦਾਰਾਂ ਨੂੰ ਵੀ ਮਿਲੇ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਦਾ ਵੀਜ਼ਾ ਲਗਵਾ ਕੇ ਛੇ ਮਹੀਨੇ ਆਪਣੇ ਭਰਾ ਕੋਲ ਹੀ ਰਹਿਣਗੇ। ਸਿੱਕਾ ਖਾਨ ਨੇ ਆਪਣੇ ਭਰਾ ਨੂੰ ਮਿਲਣ ਲਈ ਬਿਨਾਂ ਕਿਸੇ ਦੇਰੀ ਤੋਂ ਵੀਜ਼ਾ ਦੇਣ ਲਈ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਸਿੱਕਾ ਖਾਨ ਦੇ ਪਾਕਿਸਤਾਨ ਰਹਿੰਦੇ ਭਰਾ ਮੁਹੰਮਦ ਸਦੀਕ ਨੇ ਕਿਹਾ ਕਿ ਭਾਰਤ-ਪਾਕਿਸਤਾਨ ਵੰਡ ਸਮੇਂ ਉਸ ਦੀ ਮਾਂ ਸਿੱਕਾ ਖਾਨ ਨੂੰ ਲੈ ਕੇ ਨਾਨਕੇ ਪਿੰਡ ਚੱਲੀ ਗਈ ਸੀ ਜਦੋਂਕਿ ਉਹ ਪਾਕਿਸਤਾਨ ਵਿੱਚ ਹੀ ਰਹਿ ਗਏ ਸਨ। ਮੁਹੰਮਦ ਸਦੀਕ ਦੇ ਦੱਸਣ ਅਨੁਸਾਰ ਉਸ ਦੀ ਮਾਂ ਤੇ ਭਰਾ ਨੂੰ ਬਠਿੰਡਾ ਵਿੱਚ ਰਹਿੰਦੇ ਸਰਦਾਰ ਪਰਿਵਾਰ ਨੇ ਹੀ ਪਾਲਿਆ। ਮੁਹੰਮਦ ਸਦੀਕ ਨੇ ਕਿਹਾ ਕਿ ਉਨ੍ਹਾਂ ਦੋਵਾਂ ਭਰਾਵਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਨੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਵੰਡ ਸਮੇਂ ਵਿਛੜੇ ਸਾਰੇ ਪਰਿਵਾਰਾਂ ਨੂੰ ਮਿਲਣ ਲਈ ਖੁੱਲ੍ਹੇ ਵੀਜ਼ੇ ਦਿੱਤੇ ਜਾਣ।