ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 26 ਫਰਵਰੀ
ਯੂਕਰੇਨ ਦੇ ਓਡੇਸਾ ਸ਼ਹਿਰ ਵਿੱਚ ਫਸੇ ਦੋਆਬੇ ਦੇ ਨੌਜਵਾਨ ਉਥੋਂ ਕਿਸੇ ਵੀ ਢੰਗ ਨਾਲ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਬੰਧੀ ਬੀਤੀ ਰਾਤ ਯੂਕਰੇਨ ਦੇ ਓਡੇਸਾ ਸ਼ਹਿਰ ਤੋਂ ਪੋਲੈਂਡ ਦੀ ਸਰਹੱਦ ’ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਪਿੰਡ ਭੂੰਦੜ ਦੇ ਗੁਰਭੇਜ ਸਿੰਘ ਨੇ ਫੋਨ ’ਤੇ ਦੱਸਿਆ ਕਿ 12 ਘੰਟਿਆਂ ਤੋਂ ਵੱਧ ਸਮੇਂ ਬਾਅਦ ਵੀ ਆਪਣੀ ਮੰਜ਼ਿਲ ਵੱਲ ਸਿਰਫ 34 ਕਿਲੋਮੀਟਰ ਹੀ ਤੈਅ ਕਰ ਸਕਿਆ ਹੈ।
ਉਸ ਨੇ ਦੱਸਿਆ ਕਿ ਆਵਾਜਾਈ ਦੇ ਸਾਰੇ ਸਾਧਨ ਬੰਦ ਹੋਣ ਜਾਣ ਕਾਰਨ ਉਹ ਆਪਣੇ ਤਿੰਨ ਦੋਸਤਾਂ ਨਾਲ ਪੈਦਲ ਜਾ ਰਿਹਾ ਹੈ। ਹੁਣ ਤੱਕ ਸਿਰਫ ਇੱਕ ਫੌਜੀ ਵਾਹਨ ਤੋਂ ਹੀ ਮਦਦ ਮਿਲੀ ਹੈ, ਜੋ ਉਨ੍ਹਾਂ ਨੂੰ 16 ਕਿਲੋਮੀਟਰ ਤੱਕ ਲੈ ਕੇ ਗਿਆ। ਗੁਰਭੇਜ ਦੇ ਉਲਟ ਨਿਤਿਨ ਅਰੋੜਾ, ਜੋ ਕਿ ਜਲੰਧਰ ਦੇ ਸੰਗਤ ਸਿੰਘ ਨਗਰ ਦਾ ਰਹਿਣ ਵਾਲਾ ਹੈ, ਖੁਸ਼ਕਿਸਮਤ ਰਿਹਾ ਹੈ। ਉਸ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਪੂਰਾ ਦਿਨ ਉਡੀਕ ਕਰਨ ਤੋਂ ਬਾਅਦ, ਆਖਰਕਾਰ ਉਹ ਬੀਤੀ ਰਾਤ ਲਵੀਵ ਲਈ ਰੇਲ ਗੱਡੀ ਲੈਣ ਵਿੱਚ ਕਾਮਯਾਬ ਹੋ ਗਿਆ ਅਤੇ ਅੱਜ ਸਵੇਰੇ ਬੇਸ ਕੈਂਪ ਪਹੁੰਚ ਗਿਆ। ਜਲੰਧਰ ਦੇੇ ਇਸਲਾਮਗੰਜ ਦੇ ਹੇਮੰਤ ਦੇ ਪਰਿਵਾਰ ਲਈ ਇਹ ਮੁਸ਼ਕਲ ਸਮਾਂ ਹੈ। ਹੇਮੰਤ ਆਪਣੀ ਕਾਰ ’ਤੇ ਕੀਵ ਤੋਂ ਸਲੋਵਾਕੀਆ ਦੀ ਸਰਹੱਦ ਵੱਲ ਜਾ ਰਿਹਾ ਸੀ ਅਤੇ ਉਨ੍ਹਾਂ ਦਾ ਉਸ ਨਾਲ ਸੰਪਰਕ ਟੁੱਟ ਗਿਆ ਹੈ। ਉਸ ਦੇ ਭਰਾ ਦਰਪਨ ਨੇ ਕਿਹਾ ਕਿ ਉਸ ਨੇ ਹੇਮੰਤ ਨਾਲ ਬੀਤੀ ਰਾਤ ਗੱਲ ਕੀਤੀ ਸੀ। ਉਦੋਂ ਹੇਮੰਤ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਸਲੋਵਾਕੀਆ ਨੇੜੇ ਪਹੁੰਚ ਗਿਆ ਸੀ ਤੇ ਫੌਜਾਂ ਉਨ੍ਹਾਂ ਨੂੰ ਸਰਹੱਦ ਪਾਰ ਕਰਵਾ ਰਹੀਆਂ ਸਨ।
ਵਿਦਿਆਰਥੀਆਂ ਦੇ ਕੈਂਪਾਂ ’ਚ ਨਾ ਪਹੁੰਚਣ ਕਾਰਨ ਮਾਪੇ ਦੁਖੀ
ਫਗਵਾੜਾ (ਜਸਬੀਰ ਸਿੰਘ ਚਾਨਾ): ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਜਨਰਲ ਸਕੱਤਰ ਡਾ. ਹਰਜਿੰਦਰ ਸਿੰਘ ਜੱਖੂ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਆਤਮਬੀਰ ਸਿੰਘ ਤੇ ਅਰਮਾਨ ਸਿੰਘ ਡਾਕਟਰੀ ਦੀ ਪੜ੍ਹਾਈ ਕਰ ਰਹੇ ਸਨ। ਉਨ੍ਹਾਂ ਭਾਰਤ ਆਉਣ ਦੀਆਂ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਸਨ ਪਰ ਹਾਲਾਤ ਵਿਗੜ ਗਏ ਤੇ ਡੁਨੇਕਸ ਨੈਸ਼ਨਲ ਮੈਡੀਕਲ ਯੂਨੀਵਰਸਿਟੀ ’ਤੇ ਕਬਜ਼ਾ ਹੋ ਗਿਆ। ਹੁਣ ਬੱਚੇ ਜੰਗ ਵਾਲੇ ਖੇਤਰ ’ਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਖਾਣ ਪੀਣ ਲਈ ਇੱਕ ਹਫ਼ਤੇ ਦੀ ਖੁਰਾਕ ਹੈ ਤੇ ਭਾਰਤੀ ਅੰਬੈਸੀ ਵਾਲੇ ਅਜੇ ਤੱਕ ਵਿਦਿਆਰਥੀਆਂ ਨੂੰ ਸੁਰੱਖਿਅਤ ਕੈਂਪਾਂ ’ਚ ਨਹੀਂ ਲਿਆ ਰਹੇ।
ਨਾਭਾ (ਜੈਸਮੀਨ ਭਾਰਦਵਾਜ): ਯੂਕਰੇਨ ਵਿੱਚ ਫਸੇ ਭਾਰਤੀਆਂ ਵਿੱਚ ਨਾਭਾ ਦੇ ਦੋ ਵਿਦਿਆਰਥੀ ਵੀ ਸ਼ਾਮਲ ਹਨ। ਸਾਲ 2018 ਵਿੱਚ ਡਾਕਟਰੀ ਦੀ ਪੜ੍ਹਾਈ ਲਈ ਯੂਕਰੇਨ ਗਏ ਚੰਦਨ ਅਰੋੜਾ ਅਤੇ ਅਰਜੁਨ ਬਾਤਿਸ਼ ਨੇ ਵੀਡੀਓ ਕਾਲ ਰਾਹੀਂ ਦੱਸਿਆ ਕਿ ਉਨ੍ਹਾਂ ਸਮੇਤ ਕਰੀਬ 300 ਭਾਰਤੀ ਨਾਗਰਿਕ ਭਾਰਤੀ ਅੰਬੈਸੀ ਨੇੜੇ ਇੱਕ ਸਕੂਲ ਵਿੱਚ ਠਹਿਰਾਏ ਗਏ ਹਨ। ਤਣਾਅਪੂਰਨ ਮਾਹੌਲ ਵਿੱਚ ਰਹਿ ਰਹੇ ਇਨ੍ਹਾਂ ਸ਼ਰਨਾਰਥੀਆਂ ਨੂੰ ਦਿਨ ਵਿੱਚ ਇੱਕ ਸਮੇਂ ਹੀ ਭੋਜਨ ਮੁਹੱਈਆ ਕਰਾਉਣਾ ਸੰਭਵ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੈਂਕੜੇ ਵਿਦਿਆਰਥੀ ਇੱਕੋ ਥਾਂ ਰਹਿਣ ਕਰਕੇ ਸਾਫ਼-ਸਫ਼ਾਈ ਅਤੇ ਪਾਣੀ ਦੀ ਦਿੱਕਤ ਆ ਰਹੀ ਹੈ। ਚੰਦਨ ਦੇ ਪਿਤਾ ਸਤਪਾਲ ਅਰੋੜਾ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਕੋਈ ਸਰਕਾਰੀ ਦਫ਼ਤਰ ਉਨ੍ਹਾਂ ਨੂੰ ਸੂਚਿਤ ਕਰੇ ਤਾਂ ਉਨ੍ਹਾਂ ਦੀ ਚਿੰਤਾ ਕੁਝ ਘਟ ਸਕਦੀ ਹੈ।