ਟਿ੍ਰਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਜੂਨ
ਪੰਜਾਬ ਵਿਚ ਪਹਿਲੀ ਜੂਨ ਤੋਂ ਘਰੇਲੂ ਬਿਜਲੀ ਸਸਤੀ ਕਰ ਦਿੱਤੀ ਗਈ ਹੈ ਜਦਕਿ ਵੱਧ ਬਿਜਲੀ ਲੋਡ ਵਾਲੇ ਖ਼ਪਤਕਾਰਾਂ ’ਤੇ ਹਲਕਾ ਬੋਝ ਪਾਇਆ ਗਿਆ ਹੈ। ਆਮ ਦੁਕਾਨਦਾਰਾਂ ਲਈ ਗ਼ੈਰ-ਰਿਹਾਇਸ਼ੀ ਸਪਲਾਈ ਤਹਿਤ ਬਿਜਲੀ ਦੀ ਕੀਮਤ ਵਿਚ ਕੋਈ ਘਾਟਾ-ਵਾਧਾ ਨਹੀਂ ਕੀਤਾ ਗਿਆ ਹੈ। ਪਾਵਰਕੌਮ ਨੂੰ ਐਤਕੀ ਚਾਲੂ ਮਾਲੀ ਵਰ੍ਹੇ ਦੌਰਾਨ ਕੋਵਿਡ ਸੰਕਟ ਕਾਰਨ 2,149 ਕਰੋੜ ਦਾ ਮਾਲੀਆ ਘੱਟ ਪ੍ਰਾਪਤ ਹੋਣ ਦਾ ਅੰਦਾਜ਼ਾ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸਾਲ 2020-21 ਲਈ ਟੈਰਿਫ ਆਰਡਰ ਜਾਰੀ ਕੀਤਾ ਹੈ ਜਿਸ ਅਨੁਸਾਰ ਘਰੇਲੂ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਕਮਿਸ਼ਨ ਦੇ ਹੁਕਮਾਂ ਅਨੁਸਾਰ ਘਰੇਲੂ ਸਪਲਾਈ ’ਚ ਦੋ ਕਿਲੋਵਾਟ ਤੱਕ 0-100 ਯੂਨਿਟ ਤੱਕ ਦੇ ਰੇਟ 4.99 ਪ੍ਰਤੀ ਯੂਨਿਟ ਤੋਂ ਘਟਾ ਕੇ 4.49 ਰੁਏ ਪ੍ਰਤੀ ਯੂਨਿਟ ਕਰ ਦਿੱਤੇ ਗਏ ਹਨ ਜਦਕਿ ਅਗਲੇ 101-300 ਯੂਨਿਟਾਂ ਤੱਕ ਰੇਟ ਹੁਣ ਪ੍ਰਤੀ ਯੂਨਿਟ 6.34 ਰੁਪਏ ਹੋਵੇਗਾ ਜੋ ਕਿ ਪਹਿਲਾਂ 6.59 ਰੁਪਏ ਪ੍ਰਤੀ ਯੂਨਿਟ ਸੀ। ਸਲੈਬ ਦੇ ਹਿਸਾਬ ਨਾਲ ਦੇਖੀਏ ਤਾਂ ਪ੍ਰਤੀ ਯੂਨਿਟ 50 ਪੈਸੇ ਅਤੇ 25 ਪੈਸੇ ਦੀ ਕਮੀ ਕੀਤੀ ਗਈ ਹੈ।
ਇਸੇ ਤਰ੍ਹਾਂ ਘਰੇਲੂ ਖਪਤਕਾਰਾਂ ਲਈ ਦੋ ਕਿਲੋਵਾਟ ਤੋਂ 7 ਕਿਲੋਵਾਟ ਦੀ ਸਪਲਾਈ ਵਾਸਤੇ 0-100 ਯੂਨਿਟ ਤੱਕ ਦਾ ਰੇਟ 4.99 ਰੁਪਏ ਪ੍ਰਤੀ ਯੂਨਿਟ ਤੋਂ ਘਟਾ ਕੇ 4.49 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ ਜਦੋਂ ਕਿ 101-300 ਯੂਨਿਟ ਤੱਕ ਦਾ ਪ੍ਰਤੀ ਯੂਨਿਟ ਰੇਟ ਹੁਣ 6.34 ਰੁਪਏ ਪਵੇਗਾ ਜੋ ਪਹਿਲਾਂ 6.59 ਰੁਪਏ ਪ੍ਰਤੀ ਯੂਨਿਟ ਸੀ। ਦੂਜੇ ਪਾਸੇ ਪੰਜਾਹ ਕਿਲੋਵਾਟ ਤੋਂ ਜ਼ਿਆਦਾ ਲੋਡ ਵਾਲੇ ਖਪਤਕਾਰਾਂ ਨੂੰ ਬਿਜਲੀ ਦੋ ਪੈਸੇ ਪ੍ਰਤੀ ਯੂਨਿਟ ਮਹਿੰਗੀ ਪਵੇਗੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰੈਗੂਲੇਟਰੀ ਕਮਿਸ਼ਨ ਨੇ ਰਾਜ ਦੇ 69 ਲੱਖ ਗਰੀਬ ਖ਼ਪਤਕਾਰਾਂ ਦੇ ਬਿਜਲੀ ਰੇਟ ਘਟਾ ਦਿੱਤੇ ਹਨ ਜਿਸ ਨਾਲ ਇਨ੍ਹਾਂ ਖ਼ਪਤਕਾਰਾਂ ਨੂੰ 354.82 ਕਰੋੜ ਰੁਪਏ ਦੀ ਰਾਹਤ ਮਿਲੇਗੀ। ਟੈਰਿਫ ਆਰਡਰ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਨੂੰ ਪਹਿਲੇ ਦੋ ਹਜ਼ਾਰ ਯੂਨਿਟ ਬਿਜਲੀ ਸਪਲਾਈ ਮੁਆਫ਼ ਕੀਤੀ ਹੋਈ ਹੈ। ਉਸ ਤੋਂ ਉਪਰਲੇ ਯੂਨਿਟਾਂ ਦਾ ਰੇਟ ਹੁਣ 6.06 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 6.11 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ।
ਵਪਾਰਕ ਬਿਜਲੀ ਸਪਲਾਈ ਦੇ ਰੇਟ ਨਾ ਵਧਾਏ ਗਏ ਹਨ ਅਤੇ ਨਾ ਹੀ ਘਟਾਏ ਗਏ ਹਨ ਅਤੇ ਇਸੇ ਤਰ੍ਹਾਂ ਸਮਾਲ ਪਾਵਰ ਅਤੇ ਮੀਡੀਅਮ ਪਾਵਰ ਸਨਅਤਾਂ ਦੇ ਰੇਟ ਵੀ ਘਟਾਏ ਵਧਾਏ ਨਹੀਂ ਗਏ ਹਨ। ਜਦਕਿ ਲਾਰਜ ਸਪਲਾਈ ਵਾਲੇ ਉਦਯੋਗਾਂ ਦੀ ਬਿਜਲੀ ਸਪਲਾਈ ਦੇ ਰੇਟ 9 ਪੈਸੇ ਤੋਂ ਲੈ ਕੇ 20 ਪੈਸੇ ਪ੍ਰਤੀ ਯੂਨਿਟ ਤੱਕ ਵਧਾਏ ਗਏ ਹਨ। ਚੈਰੀਟੇਬਲ ਹਸਪਤਾਲਾਂ ਦੀ ਬਿਜਲੀ ਸਪਲਾਈ ਦੇ ਰੇਟ ਵੀ 4.87 ਰੁਪਏ ਤੋਂ ਵਧਾ ਕੇ ਪ੍ਰਤੀ ਯੂਨਿਟ 5.12 ਰੁਪਏ ਪ੍ਰਤੀ ਯੂਨਿਟ ਕਰ ਦਿੱਤੇ ਗਏ ਹਨ।
ਵੇਰਵਿਆਂ ਅਨੁਸਾਰ ਪਾਵਰਕੌਮ ਨੂੰ ਬਿਜਲੀ ਦੀ 6.45 ਰੁਪਏ ਪ੍ਰਤੀ ਯੂਨਿਟ ਔਸਤਨ ਸਪਲਾਈ ਕੌਸਟ ਪੈਂਦੀ ਹੈ ਜਦਕਿ ਘਰੇਲੂ ਖ਼ਪਤਕਾਰਾਂ ਨੂੰ ਪ੍ਰਤੀ ਯੂਨਿਟ ਔਸਤਨ 6.05 ਰੁਪਏ ਦਿੱਤੀ ਜਾਣੀ ਹੈ। ਪਿਛਲੇ ਮਾਲੀ ਵਰ੍ਹੇ ਵਿਚ ਸਪਲਾਈ ਕੌਸਟ ਨਾਲੋਂ 2.71 ਰੁਪਏ ਪ੍ਰਤੀ ਯੂਨਿਟ ਬਿਜਲੀ ਮਹਿੰਗੀ ਦਿੱਤੀ ਗਈ ਸੀ। ਐਤਕੀਂ ਕਮਿਸ਼ਨ ਵੱਲੋਂ ਆਮ ਖਪਤਕਾਰਾਂ ਨੂੰ ਰਾਹਤ ਦੇ ਕੇ ਕਰਾਸ ਸਬਸਿਡੀ ਦੇ ਰੂਪ ਵਿਚ ਭਾਰ ਹੋਰਨਾਂ ਖਪਤਕਾਰਾਂ ’ਤੇ ਪਾ ਦਿੱਤਾ ਗਿਆ ਹੈ। ਕੋਵਿਡ ਕਰਕੇ ਇਸ ਸਾਲ 1945 ਮਿਲੀਅਨ ਯੂਨਿਟ ਦੀ ਵਿਕਰੀ ਘੱਟ ਹੋਵੇਗੀ। ਇਸੇ ਲਿਹਾਜ਼ ਨਾਲ ਐਤਕੀਂ ਆਮਦਨ 31,100 ਕਰੋੜ ਹੋਣ ਦਾ ਅਨੁਮਾਨ ਹੈ ਜੋ ਪਿਛਲੇ ਵਰ੍ਹੇ 33,249 ਕਰੋੜ ਰੁਪਏ ਸੀ।
ਖੇਤੀ ਸਬਸਿਡੀ ਦਾ ਬੋਝ ਵਧੇਗਾ
ਪੰਜਾਬ ਸਰਕਾਰ ’ਤੇ ਖੇਤੀ ਸਬਸਿਡੀ ਦਾ ਬੋਝ ਵਧੇਗਾ। ਚਾਲੂ ਮਾਲੀ ਵਰ੍ਹੇ ਦੌਰਾਨ ਖੇਤੀ ਸਬਸਿਡੀ 6810.50 ਕਰੋੜ ਰੁਪਏ ਬਣੇਗੀ ਜੋ ਕਿ ਪਿਛਲੇ ਸਾਲ ਦੌਰਾਨ 6060 ਕਰੋੜ ਸੀ। ਕਰੀਬ 750 ਕਰੋੜ ਦਾ ਭਾਰ ਸਰਕਾਰ ’ਤੇ ਹੋਰ ਵਧ ਜਾਣਾ ਹੈ। ਖੇਤੀ ਲਈ ਬਿਜਲੀ ਸਪਲਾਈ ਦੇ ਰੇਟ ਵੀ 5.28 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 5.57 ਰੁਪਏ ਪ੍ਰਤੀ ਯੂਨਿਟ ਕਰ ਦਿੱਤੇ ਗਏ ਹਨ। ਖੇਤੀ ਸੈਕਟਰ ਵਿਚ ਕਰੀਬ 14 ਲੱਖ ਟਿਊਬਵੈਲ ਚੱਲਦੇ ਹਨ।