ਨਵੀਂ ਦਿੱਲੀ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ’ਚ ਮੈਂਬਰ ਨਰੇਸ਼ ਗੁਜਰਾਲ ਨੇ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ 60ਵਿਆਂ ਦੌਰਾਨ ਦੇਸ਼ ਭੁੱਖਮਰੀ ਦਾ ਸ਼ਿਕਾਰ ਸੀ ਪਰ ਹੁਣ ਪੰਜਾਬ ਦੇ ਕਿਸਾਨਾਂ ਸਦਕਾ ਪੇਟ ਭਰਨ ਜੋਗਾ ਹੋਇਆ ਹੈ। ਊਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਮਜ਼ੋਰ ਨਾ ਸਮਝਿਆ ਜਾਵੇ। ਬਹਿਸ ’ਚ ਹਿੱਸਾ ਲੈਂਦਿਆਂ ਉਨ੍ਹਾਂ ਕਿਹਾ,‘‘ਪੰਜਾਬੀਆਂ ਨੇ ਗੁਰੂਆਂ ਤੋਂ ਕੁਰਬਾਨੀਆਂ ਬਾਰੇ ਸਿੱਖਿਆ। ਗੁਰੂ ਅਰਜਨ ਦੇਵ, ਗੁਰੂ ਤੇਗ਼ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਤੋਂ ਸਿੱਖਿਆ। ਮੁਗਲਾਂ, ਅੰਗਰੇਜ਼ਾਂ ਸਮੇਤ ਕਾਂਗਰਸ ਦੇ ਜ਼ੁਲਮ ਸਹੇ ਪਰ ਹੁਣ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸਮਝਦੇ ਹਨ ਕਿ ਉਨ੍ਹਾਂ ਨਾਲ ਨਾਇਨਸਾਫ਼ੀ ਹੋ ਰਹੀ ਹੈ। ਇਸ ਲਈ ਜੋ ਚੰਗਿਆੜੀ ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਕਾਰਨ ਸੁਲਗੀ ਹੈ, ਉਸ ਨੂੰ ਅੱਗ ਵਿੱਚ ਤਬਦੀਲ ਨਾ ਹੋਣ ਦਿਓ।’’ ਉਨ੍ਹਾਂ ਸ਼ੇਅਰ ਪੜ੍ਹ ਕੇ ਖੇਤੀ ਮੰਤਰੀ ਨੂੰ ਕਿਹਾ ਕਿ ਇਤਿਹਾਸ ਵਿੱਚ ਇਹ ਲਿਖਿਆ ਜਾਵੇਗਾ ਕਿ ‘ਲਮਹੋਂ ਨੇ ਖ਼ਤਾ ਕੀ, ਸਦੀਓਂ ਨੇ ਸਜ਼ਾ ਪਾਈ।’ ਉਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ ਦੌਰਾਨ ਸਰਕਾਰ ਨੇ ਜਿਹੜੇ ਕੰਮ ਕਿਸਾਨਾਂ ਲਈ ਕੀਤੇ, ਉਹ ਕਾਂਗਰਸ ਦੇ ਰਾਜ ਦੌਰਾਨ ਕਦੇ ਨਹੀਂ ਹੋਏ। ਸ੍ਰੀ ਗੁਜਰਾਲ ਨੇ ਦੋਸ਼ ਲਾਇਆ ਕਿ ਅਕਾਲੀ ਦਲ ਨੂੰ ਬੋਲਣ ਲਈ ਸਿਰਫ਼ 3 ਮਿੰਟ ਹੀ ਮਿਲੇ ਕਿਉਂਕਿ ਹਰਸਿਮਰਤ ਕੌਰ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।