ਨਵੀਂ ਦਿੱਲੀ, 17 ਸਤੰਬਰ
ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਲੰਬਿਤ ਇੱਕ ਮਾਮਲੇ ਨੂੰ ਸਿਖਰਲੀ ਅਦਾਲਤ ਵਿੱਚ ਤਬਦੀਲ ਕਰਨ ਦੀ ਮੰਗ ਸਬੰਧੀ ਪਟੀਸ਼ਨ ਖਾਰਜ ਕਰਦਿਆਂ ਅੱਜ ਕਿਹਾ ਕਿ ‘ਸਾਡੇ ਮੋਢਿਆਂ ’ਤੇ ਬਹੁਤ ਬੋਝ ਹੈ’ ਅਤੇ ਇਸ ਨੂੰ ਹੋਰ ਨਹੀਂ ਵਧਾਉਣਾ ਚਾਹੁੰਦੇ। ਜਸਟਿਸ ਡੀਵਾਈ ਚੰਦਰਚੂੜ੍ਹ ਅਤੇ ਜਸਟਿਸ ਬੀ.ਵੀ. ਨਾਗਰਤਨਾ ਦੀ ਬੈਂਚ ਨੇ ਕਿਹਾ ਕਿ ਸਿਰਫ਼ ਇਸ ਲਈ ਕਿ ਹਾਈ ਕੋਰਟ ਮਾਮਲੇ ਨੂੰ ਸੂਚੀਬੱਧ ਨਹੀਂ ਕਰ ਰਹੀ, ਇਸ ਦਾ ਅਰਥ ਇਹ ਨਹੀਂ ਕਿ ਸਿਖਰਲੀ ਅਦਾਲਤ ਨੂੰ ਇਸ ਨੂੰ ਆਪਣੇ ਕੋਲ ਤਬਦੀਲ ਕਰ ਲੈਣਾ ਚਾਹੀਦਾ ਹੈ। ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਵਕੀਲ ਨੂੰ ਬੈਂਚ ਨੇ ਕਿਹਾ, ‘‘ਅਸੀਂ ਆਪਣਾ ਬੋਝ ਨਹੀਂ ਵਧਾਉਣਾ ਚਾਹੁੰਦੇ। ਸਾਡੇ ਮੋਢਿਆਂ ’ਤੇ ਪਹਿਲਾਂ ਹੀ ਕਾਫ਼ੀ ਬੋਝ ਹੈ।’’ -ਪੀਟੀਆਈ