ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਮਈ
ਮੁੱਖ ਅੰਸ਼
- ਚਾਰ ਕਾਂਗਰਸ ਵਿਧਾਇਕਾਂ ਦੇ ਬਿਆਨ ਮਗਰੋਂ ਨਵਜੋਤ ਸਿੰਘ ਸਿੱਧੂ ਦਾ ਮੋੜਵਾਂ ਜਵਾਬ
- ਟਵੀਟ ਕਰਕੇ ਸਰਕਾਰ ਨੂੰ ਮੁੱਦੇ ’ਤੇ ਆਉਣ ਨੂੰ ਕਿਹਾ
ਬੇਅਦਬੀ ਅਤੇ ਬਹਬਿਲ ਕਲਾਂ ਗੋਲੀ ਕਾਂਡ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਦੇ ਆ ਰਹੇ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਚਾਰ ਵਜ਼ੀਰਾਂ ਦੇ ਅੱਜ ਦੀਆਂ ਅਖ਼ਬਾਰਾਂ ’ਚ ਛਪੇ ਬਿਆਨ ਦਾ ਸਿੱਧੂ ਨੇ ਵੀ ਮੋੜਵਾਂ ਜਵਾਬ ਦਿੱਤਾ ਹੈ। ਇਸ ਸਬੰਧੀ ਕੀਤੇ ਟਵੀਟ ’ਚ ਸਿੱਧੂ ਨੇ ਭਾਵੇਂ ਕਿ ਕਿਸੇ ਦਾ ਨਾਂ ਨਹੀਂ ਲਿਆ, ਪਰ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਤ ਹੋਏ ਹਨ। ਨਵਜੋਤ ਸਿੱਧੂ ਨੇ ਟਵੀਟ ਕੀਤਾ, ‘ਪਾਰਟੀ ਮੈਂਬਰਾਂ ਦੇ ਮੋਢੇ ’ਤੇ ਰੱਖ ਕੇ ਬੰਦੂਕ ਚਲਾਉਣੀ ਬੰਦ ਕਰੋ। ਨਾਲ ਹੀ ਮੁੱਦੇ ’ਤੇ ਆਓ ਅਤੇ ਭੜਕਾਉਣਾ ਬੰਦ ਕਰੋ।’ ਗੁਰੂ ਦੀ ਬੇਅਦਬੀ ਲਈ ਇਨਸਾਫ਼ ਦੀ ਮੰਗ ਨੂੰ ਪਾਰਟੀਆਂ ਤੋਂ ਉੱਪਰ ਗਰਦਾਨਦਿਆਂ, ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਇਸ ਇਨਸਾਫ਼ ਲਈ ਉਨ੍ਹਾਂ ਦੀ ਆਤਮਾ ਕੱਲ੍ਹ ਵੀ ਮੰਗ ਕਰਦੀ ਸੀ, ਅੱਜ ਵੀ ਕਰ ਰਹੀ ਹੈ ਤੇ ਭਵਿੱਖ ’ਚ ਵੀ ਕਰਦੀ ਰਹੇਗੀ। ਸਿੱਧੂ ਨੇ ਇਸ (ਬੇਅਦਬੀ ਕਾਂਡ ਮਾਮਲੇ ’ਚ ਇਨਸਾਫ਼ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ’ਚ ਦੇਰੀ) ਸਬੰਧੀ ਮੁੱਖ ਮੰਤਰੀ ਹੋਣ ਨਾਤੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਜ਼ਿੰਮੇਵਾਰ ਅਤੇ ਜਵਾਬਦੇਹ ਦੱਸਿਆ ਹੈ। ਆਪਣੇ ਬਿਆਨ ਦੀ ਸਮਾਪਤੀ ਸਿੱਧੂ ਨੇ ‘ਗੁਰੂ ਦੀ ਸੱਚੀ ਕਚਹਿਰੀ ’ਚ ਤੁਹਾਨੂੰ ਕੌਣ ਬਚਾਏਗਾ?’ ਸਵਾਲ ਨਾਲ ਕੀਤੀ। ਕ੍ਰਿਕਟ ਤੋਂ ਸਿਆਸਤ ’ਚ ਆਏ ਨਵਜੋਤ ਸਿੰਘ ਸਿੱਧੂ ਦੇ ਇਸ ਟਵੀਟ ਦੀ ਅੱਜ ਵੀ ਸਿਆਸੀ ਹਲਕਿਆਂ ’ਚ ਚਰਚਾ ਚੱਲਦੀ ਰਹੀ ਹੈ।