ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਸਤੰਬਰ
ਉੱਘੇ ਖੇਤੀ ਅਰਥ-ਸ਼ਾਸਤਰੀ ਡਾ. ਸੁਖਪਾਲ ਸਿੰਘ ਨੇ ਅੱਜ ‘ਪੰਜਾਬ ਰਾਜ ਕਿਸਾਨ ਅਤੇ ਖੇਤ ਕਾਮੇ ਕਮਿਸ਼ਨ’ ਦੇ ਚੇਅਰਮੈਨ ਵਜੋਂ ਇੱਥੇ ਅਹੁਦਾ ਸੰਭਾਲ ਲਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਹਾਜ਼ਰੀ ਵਿਚ ਡਾ. ਸੁਖਪਾਲ ਸਿੰਘ ਨੇ ਅਹੁਦਾ ਸੰਭਾਲਿਆ।
ਅਹੁਦਾ ਸੰਭਾਲਣ ਮਗਰੋਂ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਕਮਿਸ਼ਨ ਜਲਦ ਹੀ ਸੂਬਾ ਸਰਕਾਰ ਅਤੇ ਪੀਏਯੂ ਲੁਧਿਆਣਾ ਨਾਲ ਵਿਚਾਰ-ਵਟਾਂਦਰਾ ਕਰ ਕੇ ਖੇਤੀ ਨੀਤੀ ਤਿਆਰ ਕਰੇਗਾ ਤਾਂ ਜੋ ਪੰਜਾਬ ਦੇ ਕਿਸਾਨਾਂ ਦੇ ਫ਼ਸਲੀ ਮੁਨਾਫ਼ੇ ’ਚ ਵਾਧੇ ਲਈ ਯਤਨ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਕਮਿਸ਼ਨ ਖੇਤੀ ਲਈ ਭਵਿੱਖੀ ਯੋਜਨਾ ਤਿਆਰ ਕਰੇਗਾ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਫ਼ਸਲੀ ਵਿਭਿੰਨਤਾ ਲਈ ਪੂਰੀ ਮਦਦ ਕਰਨੀ ਚਾਹੀਦੀ ਹੈ। ਨਵੇਂ ਚੇਅਰਮੈਨ ਨੇ ਕਿਹਾ ਕਿ ਨਵੀਂ ਖੇਤੀ ਨੀਤੀ ਨਾਲ ਕਿਸਾਨਾਂ ਦੀ ਆਰਥਿਕ ਦਸ਼ਾ ਸੁਧਾਰਨ ਦੇ ਨਾਲ ਨਾਲ ਕੁਦਰਤੀ ਸਾਧਨਾਂ ਦੀ ਸੁਯੋਗ ਵਰਤੋਂ ਰਾਹੀਂ ਵਾਤਾਵਰਨ ਨੂੰ ਸੰਭਾਲਣ ਦੇ ਯਤਨ ਕੀਤੇ ਜਾਣਗੇ।
ਇਸ ਸਬੰਧੀ ਗਡਵਾਸੂ ਦੇ ਵੀਸੀ ਡਾ. ਇੰਦਰਜੀਤ ਸਿੰਘ ਅਤੇ ਪੀਏਯੂ ਦੇ ਵੀਸੀ ਡਾ. ਐੱਸਐੱਸ ਗੋਸਲ ਨੇ ਖੇਤੀ ਸੈਕਟਰ ਦੀ ਬਿਹਤਰੀ ਲਈ ਇਸ ਅਹੁਦੇ ’ਤੇ ਡਾ. ਸੁਖਪਾਲ ਸਿੰਘ ਦੀ ਨਿਯੁਕਤੀ ਨੂੰ ਪੰਜਾਬ ਸਰਕਾਰ ਦਾ ਚੰਗਾ ਉਪਰਾਲਾ ਦੱਸਿਆ। ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗ ਰਾਜ ਸ਼ਰਮਾ, ਪ੍ਰੋ. ਬਾਵਾ ਸਿੰਘ, ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ, ਡਾ. ਰਮੇਸ਼ ਕੁਮਾਰ, ਸੰਦੀਪ ਸਿੰਘ ਰੰਧਾਵਾ ਨੇ ਵੀ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ।