ਚੰਡੀਗੜ੍ਹ (ਟਨਸ): ਕੇਂਦਰੀ ਪੰਜਾਬੀ ਲੇਖਕ ਸਭਾ ਨੇ ਉੱਘੇ ਭਾਸ਼ਾ ਵਿਗਿਆਨੀ ਡਾ. ਪਰਮਜੀਤ ਸਿੱਧੂ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਜੋਗਾ ਸਿੰਘ ਵਿਰਕ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਅੱਜ ਪ੍ਰੈੱਸ ਜਾਰੀ ਕਰਦਿਆਂ ਕਿਹਾ ਕਿ ਡਾ. ਪਰਮਜੀਤ ਸਿੱਧੂ ਦੇ ਜਾਣ ਨਾਲ ਪੰਜਾਬੀ ਭਾਸ਼ਾ ਦੇ ਅਧਿਐਨਾਂ ਤੇ ਅਧਿਆਪਨ ਨੂੰ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਡਾ. ਸਿੱਧੂ ਅਜੋਕੇ ਭਾਸ਼ਾ ਵਿਗਿਆਨ ਦੇ ਸਟੀਕ ਵਿਦਵਾਨ ਸਨ ਤੇ ਉਨ੍ਹਾਂ ਨੇ ਅਧਿਆਪਨ ਅਤੇ ਆਪਣੀਆਂ ਲਿਖਤਾਂ ਰਾਹੀਂ ਸਟੀਕ ਜਾਣਕਾਰੀ ਸਮੂਹ ਪੰਜਾਬੀਆਂ ਤੇ ਖੋਜਾਰਥੀਆਂ ਦੀ ਅਗਲੀ ਪੀੜ੍ਹੀ ਤੱਕ ਜਿਸ ਤਰ੍ਹਾਂ ਅੱਗੇ ਵਧਾਈ ਹੈ, ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੋਵੇਗੀ।