ਪਾਲ ਸਿੰਘ ਨੌਲੀ
ਜਲੰਧਰ, 13 ਦਸੰਬਰ
ਪੰਜਾਬੀ ਭਾਸ਼ਾ ਅਕਾਦਮੀ ਜਲੰਧਰ ਵੱਲੋਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਿਯੋਗ ਨਾਲ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ਕਰਵਾਏ ਗਏ ਸਮਾਗਮ ਦੌਰਾਨ ਡਾ. ਜੋਗਿੰਦਰ ਸਿੰਘ ਪੁਆਰ ਦਾ ਸਿਮਰਤੀ ਗ੍ਰੰਥ ਲੋਕ ਅਰਪਣ ਕੀਤਾ ਗਿਆ। ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਅਰਵਿੰਦ ਨੇ ਮੁੱਖ ਮਹਿਮਾਨ ਵਜੋਂ ਅਤੇ ਸ੍ਰੀਮਤੀ ਪੁਆਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੰਜਾਬੀ ਭਾਸ਼ਾ ਅਕਾਦਮੀ ਦੇ ਜਨਰਲ ਸਕੱਤਰ ਡਾ. ਸੁਖਵਿੰਦਰ ਸਿੰਘ ਸੰਘਾ ਨੇ ਮੁੱਖ ਮਹਿਮਾਨ ਅਤੇ ਬਾਕੀ ਵਿਦਵਾਨਾਂ ਨੂੰ ਜੀ ਆਇਆਂ ਕਿਹਾ।
ਪ੍ਰੋਫੈਸਰ ਅਰਵਿੰਦ ਨੇ ਪੰਜਾਬ ਵਿੱਚ ਸਕੂਲੀ ਸਿੱਖਿਆ ਪੰਜਾਬੀ ਵਿੱਚ ਲਾਜ਼ਮੀ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਪੰਜਾਬ ਵਿੱਚ ਵਿਕਣ ਵਾਲੀਆਂ ਦਵਾਈਆਂ ’ਤੇ ਵੀ ਪੰਜਾਬੀ ਤੇ ਗੁਰਮੁਖੀ ਵਿੱਚ ਦਵਾਈ ਦਾ ਨਾਂ ਲਿਖੇ ਜਾਣ ਦੀ ਗੱਲ ਕਹੀ। ਡਾ. ਚਮਨ ਲਾਲ ਨੇ ਡਾ. ਪੁਆਰ ਨਾਲ ਬਿਤਾਏ ਪਲ ਯਾਦ ਕੀਤੇ। ਡਾ. ਬਲਦੇਵ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸੰਕਟ ਦੇ ਦੌਰ ’ਚ ਡਾ. ਪੁਆਰ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣ ਕੇ ਕਿਵੇਂ ਯੂਨੀਵਰਸਿਟੀ ਵਿੱਚ ਪ੍ਰਸ਼ਾਸਨਿਕ ਸੁਧਾਰ ਕੀਤੇ। ਇਸ ਮੌਕੇ ਡਾ. ਬਲਵਿੰਦਰ ਸਿੰਘ ਟਿਵਾਣਾ ਨੇ ਡਾ. ਪੁਆਰ ਦੇ ਵਾਈਸ ਚਾਂਸਲਰ ਕਾਲ ਦੌਰਾਨ ਪੰਜਾਬੀ ਭਾਸ਼ਾ, ਭਾਸ਼ਾ ਵਿਗਿਆਨ ਅਤੇ ਖੋਜ ਖੇਤਰ ਵਿੱਚ ਕੀਤੇ ਗਏ ਕਾਰਜਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਗੁਰਮੀਤ ਨੇ ਡਾ. ਪੁਆਰ ਦੇ ਸੁਭਾਅ, ਸ਼ਖਸੀਅਤ ਅਤੇ ਪ੍ਰਤੀਬੱਧਤਾ ਸਬੰਧੀ ਵਿਚਾਰ ਸਾਂਝੇ ਕੀਤੇ। ਡਾ. ਪੁਆਰ ਦੇ ਲੰਮਾ ਸਮਾਂ ਸਾਥੀ ਰਹੇ ਬਲਦੇਵ ਖੁੱਲਰ ਨੇ ਉਨ੍ਹਾਂ ਦੀ ਬੇਬਾਕ ਅਤੇ ਸਪੱਸ਼ਟ ਨੀਅਤ ਤੇ ਨੀਤੀ ਬਾਰੇ ਵਿਚਾਰ ਪੇਸ਼ ਕੀਤੇ।