ਸਤਵਿੰਦਰ ਬਸਰਾ
ਲੁਧਿਆਣਾ, 30 ਜਨਵਰੀ
ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਕਰੋਨਾ ਮਹਾਮਾਰੀ ਕਰਕੇ ਅੱਜ ਚਾਰ ਸਾਲ ਬਾਅਦ ਹੋਈਆਂ ਹਨ। ਇਨ੍ਹਾਂ ਚੋਣਾਂ ਵਿੱਚ ਡਾ. ਲਖਵਿੰਦਰ ਸਿੰਘ ਜੌਹਲ ਪਹਿਲਾਂ ਹੀ ਸਰਬਸੰਮਤੀ ਨਾਲ ਅਕਾਦਮੀ ਦੇ ਪ੍ਰਧਾਨ ਬਣ ਚੁੱਕੇ ਹਨ ਜਦਕਿ ਅੱਜ ਪਈਆਂ ਵੋਟਾਂ ਵਿੱਚ ਡਾ. ਸ਼ਿਆਮ ਸੁੰਦਰ ਦੀਪਤੀ ਨੇ ਸੀਨੀਅਰ ਮੀਤ ਪ੍ਰਧਾਨ ਅਤੇ ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਦੀ ਚੋਣ ਜਿੱਤ ਲਈ ਹੈ।
ਅਕਾਦਮੀ ਦੀਆਂ ਚੋਣਾਂ ਲਈ ਅੱਜ ਸਵੇਰੇ ਅੱਠ ਵਜੇ ਵੋਟਾਂ ਸ਼ੁਰੂ ਹੋਈਆਂ ਜੋ ਸ਼ਾਮ 4 ਵਜੇ ਤੱਕ ਜਾਰੀ ਰਹੀਆਂ। ਸਵੇਰ ਸਮੇਂ ਭਾਵੇਂ ਵੋਟਾਂ ਪਾਉਣ ਦਾ ਰੁਝਾਨ ਕੁਝ ਮੱਠਾ ਸੀ ਪਰ ਜਿਉਂ ਜਿਉਂ ਦਿਨ ਚੜ੍ਹਦਾ ਗਿਆ ਵੋਟਾਂ ਪਾਉਣ ਵਾਲੇ ਲੇਖਕਾਂ ਦੀ ਗਿਣਤੀ ਵੀ ਵਧਦੀ ਗਈ। ਇਹ ਚੋਣਾਂ ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਮੀਤ ਪ੍ਰਧਾਨਾਂ ਅਤੇ ਪ੍ਰਬੰਧਕੀ ਬੋਰਡ ਮੈਂਬਰਾਂ ਦੀ ਚੋਣ ਲਈ ਹੋਈਆਂ। ਇਨ੍ਹਾਂ ਵਿੱਚੋਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਸ਼ਿਆਮ ਸੁੰਦਰ ਦੀਪਤੀ ਨੂੰ 251 ਵੋਟਾਂ ਜਦਕਿ ਉਨ੍ਹਾਂ ਦੇ ਵਿਰੋਧੀ ਸੁਰਜੀਤ ਸਿੰਘ ਨੂੰ 228 ਵੋਟਾਂ ਮਿਲੀਆਂ। ਇਸ ਮੁਕਾਬਲੇ ਵਿੱਚੋਂ ਡਾ. ਦੀਪਤੀ 23 ਵੋਟਾਂ ਦੇ ਫਰਕ ਨਾਲ ਜੇਤੂ ਐਲਾਨੇ ਗਏ। ਇਸੇ ਤਰ੍ਹਾਂ ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਗੁਰਇਕਬਾਲ ਸਿੰਘ ਆਪਣੇ ਵਿਰੋਧੀ ਡਾ. ਗੁਲਜ਼ਾਰ ਸਿੰਘ ਪੰਧੇਰ ਤੋਂ 41 ਵੋਟਾਂ ਦੇ ਫਰਕ ਨਾਲ ਜੇਤੂ ਐਲਾਨੇ ਗਏ। ਪੰਜ ਮੀਤ ਪ੍ਰਧਾਨਾਂ ਵਿਚੋਂ ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਹਰਵਿੰਦਰ ਸਿੰਘ ਸਿਰਸਾ (ਪੰਜਾਬ ਤੋਂ ਬਾਹਰ), ਡਾ. ਭਗਵੰਤ ਸਿੰਘ ਅਤੇ ਭਗਵੰਤ ਰਸੂਲਪੁਰੀ ਮੀਤ ਪ੍ਰਧਾਨ ਚੁਣੇ ਗਏ ਹਨ। ਪ੍ਰਬੰਧਕੀ ਬੋਰਡ ਦੇ ਪੰਦਰਾਂ ਮੈਂਬਰਾਂ ਵਿਚੋਂ ਇੰਦਰਾ ਵਿਰਕ, ਪਰਮਜੀਤ ਕੌਰ ਮਹਿਕ, ਬਲਜੀਤ ਸਿੰਘ ਰੈਣਾਂ, ਅਸ਼ੋਕ ਵਸ਼ਿਸ਼ਠ (ਬਿਨਾਂ ਮੁਕਾਬਲਾ ਜੇਤੂ), ਹਰਦੀਪ ਢਿੱਲੋਂ, ਜਸਵੀਰ ਝੱਜ, ਕਰਮ ਸਿੰਘ ਜ਼ਖ਼ਮੀ, ਹਰਬੰਸ ਮਾਲਵਾ, ਸੰਤੋਖ ਸਿੰਘ ਸੁੱਖੀ, ਡਾ. ਗੁਰਮੇਲ ਸਿੰਘ, ਕੇ. ਸਾਧੂ ਸਿੰਘ, ਰੋਜ਼ੀ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਝੱਜ ਅਤੇ ਪਰਮਜੀਤ ਸਿੰਘ ਮਾਨ ਜੇਤੂ ਕਰਾਰ ਦਿੱਤੇ ਗਏ। ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਨੇ ਦਸਿਆ ਕਿ ਭਾਰੀ ਗਿਣਤੀ ਵਿਚ ਮੈਂਬਰਾਂ ਨੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਵੋਟਾਂ ਪਾਈਆਂ। ਮੁੱਖ ਚੋਣ ਅਧਿਕਾਰੀ ਅਤੇ ਸਹਾਇਕ ਚੋਣ ਅਧਿਕਾਰੀ ਹਕੀਕਤ ਸਿੰਘ ਮਾਂਗਟ ਨੇ ਆਪਣੀ ਪੂਰੀ ਟੀਮ ਵੱਲੋਂ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ।
ਬੈਲੇਟ ਪੇਪਰ ਵਿੱਚ ਨਾਂ ਗਲਤ ਛਪਣ ਦੀ ਕੀਤੀ ਸ਼ਿਕਾਇਤ
ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਵਿੱਚ ਜਨਰਲ ਸਕੱਤਰ ਦੀ ਚੋਣ ਹਾਰ ਜਾਣ ਵਾਲੇ ਡਾ. ਗੁਲਜ਼ਾਰ ਸਿੰਘ ਪੰਧੇਰ ਸਮੇਤ ਹਰਬੰਸ ਮਾਲਵਾ ਅਤੇ ਭਗਵੰਤ ਸਿੰਘ ਨੇ ਬੈਲੇਟ ਪੇਪਰ ਵਿੱਚ ਗਲਤ ਨਾਮ ਛਾਪਣ ਦੀ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਹੈ। ਡਾ. ਪੰਧੇਰ ਨੇ ਕਿਹਾ ਕਿ ਉਨ੍ਹਾਂ ਨਾਮ ਨਾਲ ‘ਪੰਧੇਰ’ ਸ਼ਬਦ ਡਾਇਰੈਕਟਰੀ ਵਿੱਚ ਛਪਿਆ ਹੈ ਪਰ ਬੈਲੇਟ ਪੇਪਰ ਵਿੱਚ ਨਹੀਂ ਛਾਪਿਆ ਗਿਆ।