ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 26 ਨਵੰਬਰ
ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਦਾ ਦੌਰਾ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਹਿੰਦ ਸ਼ਹਿਰ ਫ਼ਤਹਿਗੜ੍ਹ ਸਾਹਿਬ ਦੇ ਅਸਥਾਨ ਦੀਵਾਨ ਟੋਡਰ ਮੱਲ ਦੀ ਹਵੇਲੀ ਦਾ ਦੌਰਾ ਕੀਤਾ, ਜੋ ਧਾਰਮਿਕ ਅਤੇ ਇਤਿਹਾਸਕ ਤੌਰ ’ਤੇ ਸਿੱਖਾਂ ਦੀ ਮਹੱਤਵਪੂਰਨ ਯਾਦਗਾਰ ਵਜੋਂ ਜਾਣੀ ਜਾਂਦੀ ਹੈ। ਦੀਵਾਨ ਟੋਡਰ ਮੱਲ ਨੇ ਸ਼ਹੀਦ ਸਾਹਿਬਜ਼ਾਦਿਆਂ ਲਈ ਸਸਕਾਰ ਦੀ ਥਾਂ ਖਰੀਦਣ ਲਈ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰ ਕੇ ਥਾਂ ਖ਼ਰੀਦੀ ਸੀ। ਪਰ ਹੁਣ ਜਹਾਜ਼ੀ ਹਵੇਲੀ ਨੂੰ ਸੰਭਾਲਣ ਲਈ ਕੋਈ ਅੱਗੇ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਅਤੇ ਮਜ਼ਹਬਾਂ ਦੇ ਲੋਕਾਂ ਦੀ ਇਹ ਮੰਗ ਹੈ ਕਿ ਜਹਾਜ਼ੀ ਹਵੇਲੀ ਨੂੰ ਸੰਭਾਲਿਆ ਜਾਵੇ ਅਤੇ ਜਲਦ ਤੋਂ ਜਲਦ ਇੱਥੇ ਮੁੜ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਜਾਵੇ।