ਬਲਵਿੰਦਰ ਰੈਤ
ਨੂਰਪੁਰ ਬੇਦੀ, 14 ਜੁਲਾਈ
ਨੂਰਪੁਰ ਬੇਦੀ ਦੇ ਪਿੰਡਾਂ ਵਿੱਚ ਬਰਸਾਤ ਦਾ ਮੌਸਮ ਸ਼ੁਰੂ ਹੋਣ ਦੇ ਬਾਵਜੂਦ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ। ਪਾਣੀ ਦਾ ਪੱਧਰ ਡੂੰਘਾ ਹੋਣ ਦਾ ਮੁੱਖ ਕਾਰਨ ਨਾਜਾਇਜ਼ ਮਾਇਨਿੰਗ ਅਤੇ ਪਾਪੂਲਰ ਦੀ ਖੇਤੀ ਨੂੰ ਦੱਸਿਆ ਜਾ ਰਿਹਾ ਹੈ। ਖੇਤਾਂ ਵਿੱਚ 50 ਤੋਂ 100 ਫੁੱਟ ਡੂੰਘੇ ਟਿਊਬਵੈੱਲ ਪਾਣੀ ਚੁੱਕਣੋਂ ਅਸਮੱਰਥ ਹਨ। ਇਸੇ ਤਰ੍ਹਾਂ ਜਲ ਸਪਲਾਈ ਘਰਾਂ ਵਿੱਚ ਪਾਣੀ ਦਾ ਪੱਧਰ ਥੱਲੇ ਜਾਣ ਕਾਰਨ ਲੋਕ ਪਾਣੀ ਦੀ ਕਿੱਲਤ ਨਾਲ ਜੂੁਝ ਰਹੇ ਹਨ। ਇੱਥੇ ਜੰਗਲਾਂ ਨੂੰ ਪੱਧਰਾ ਕਰਕੇ ਲਗਾਏ ਗਏ ਪਾਪੂਲਰ ਦੇ ਬੂਟੇ ਧਰਤੀ ਹੇਠਲਾ ਪਾਣੀ ਸੋਖਣ ਕਾਰਨ ਜ਼ਮੀਨ ਨੂੰ ਖੁਸ਼ਕ ਬਣਾ ਰਹੇ ਹਨ। ਇਸ ਤੋਂ ਇਲਾਵਾ ਜੰਗਲਾਤ ਵਿਭਾਗ ਵੀ ਬਾਂਸ ਤੋਂ ਬਿਨਾਂ ਕੋਈ ਹੋਰ ਬੂਟੇ ਨਹੀਂ ਲਗਾ ਰਿਹਾ। ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜਨੀਆਰ ਹਰਜੀਤ ਪਾਲ ਸਿੰਘ ਨੇ ਕਿਹਾ ਕਿ ਕੁਝ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਜਿੱਥੇ ਡੂੰਘੇ ਟਿਊਬਵੈੱਲ ਲਗਾ ਕੇ ਸਮੱਸਿਆ ਨੂੰ ਹੱਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਮੰਨਿਆ ਕਿ ਇਸ ਇਲਾਕੇ ਵਿੱਚ ਪਾਣੀ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਪਾਣੀ ਸੰਜਮ ਨਾਲ ਵਰਤਣ ਲਈ ਕਿਹਾ।
ਲੋਕਾਂ ਨੇ ਮੰਗ ਕੀਤੀ ਹੈ ਕਿ ਜੰਗਲੀ ਇਲਾਕੇ ਅਤੇ ਸੁਆਂ ਨਦੀ ਵਿੱਚੋਂ ਨਾਜਾਇਜ ਮਾਈਨਿੰਗ ਬੰਦ ਕੀਤੀ ਜਾਵੇ ਨਹੀਂ ਤਾਂ ਇਲਾਕੇ ਵਿੱਚੋਂ ਪਾਣੀ ਖਤਮ ਹੋ ਜਾਵੇਗਾ ਤੇ ਸੋਕੇ ਵਰਗੇ ਹਲਾਤ ਬਣ ਜਾਣਗੇ।