ਸੰਜੀਵ ਬੱਬੀ
ਚਮਕੌਰ ਸਾਹਿਬ, 22 ਸਤੰਬਰ
ਚਮਕੌਰ ਸਾਹਿਬ ਹਲਕੇ ਦੇ ਕਈ ਪਿੰਡਾਂ ਦੇ ਘਰਾਂ ਸਕੂਲਾਂ ਅਤੇ ਮਠਿਆਈ ਦੀਆਂ ਦੁਕਾਨਾਂ ਦੇ ਪਾਣੀ ਦੇ ਸੈਂਪਲਾਂ ਦੀ ਰਿਪੋਰਟ ਫੇਲ੍ਹ ਆਏ ਹਨ। ਇਨ੍ਹਾਂ ਸਕੂਲਾਂ ਅਤੇ ਘਰਾਂ ਤੋਂ ਪਾਣੀ ਪੀਣ ਵਾਲੇ ਵਿਦਿਆਰਥੀਆਂ ਅਤੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਿਮਾਰੀਆਂ ਫੈਲਣ ਖਦਸ਼ਾ ਹੈ। ਪੰਜਾਬ ਦੇ ਸਿਹਤ ਵਿਭਾਗ ਵਲੋਂ ਸਬੰਧਤ ਸਕੂਲ ਮਾਲਕਾਂ ਅਤੇ ਹੋਰਨਾਂ ਨੂੰ ਇਸ ਸਬੰਧੀ ਸੁਰੱਖਿਅਤ ਕਦਮ ਚੁੱਕਣ ਲਈ ਕਿਹਾ ਗਿਆ ਹੈ। ਇਸ ਸਬੰਧੀ ਚਮਕੌਰ ਸਾਹਿਬ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੋਵਿੰਦ ਟੰਡਨ ਵੱਲੋਂ ਜ਼ਿਲ੍ਹੇ ਦੇ ਸਿਵਲ ਸਰਜਨ ਅਤੇ ਐੱਸਡੀਐੱਮ ਚਮਕੌਰ ਸਾਹਿਬ ਨੂੰ 16 ਸਤੰਬਰ ਨੂੰ ਭੇਜੇ ਪੱਤਰ ਵਿੱਚ ਕਿਹਾ ਸੀ ਕਿ ਸ਼ਹਿਰ ਦੇ ਨਾਲ ਲੱਗਦੇ ਇਕ ਸਕੂਲ ਪਿੰਡ ਅਮਰਾਲੀ ਪਿੰਡ ਸਲੇਮਪੁਰ ਅਤੇ ਸ਼ਹਿਰ ਵਿੱਚ ਕਈ ਦੁਕਾਨਾਂ ਸਮੇਤ ਪਿੰਡ ਬਰਸਾਲਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਦੁਕਾਨਾਂ, ਘਰ ਵਿੱਚ ਵਰਤੇ ਜਾਂਦੇ ਪੀਣ ਵਾਲੇ ਪਾਣੀ ਦੇ ਸੈਂਪਲ ਸਿਹਤ ਕਰਮਚਾਰੀਆਂ ਵੱਲੋਂ 30 ਅਗਸਤ 2024 ਨੂੰ ਲਏ ਗਏ ਸਨ, ਜਿਹੜੇ ਕਿ ਸਟੇਟ ਪਬਲਿਕ ਹੈਲਥ ਲੈਬੋਰੇਟਰੀ ਪੰਜਾਬ ਖਰੜ ਤੋਂ ਟੈਸਟ ਕਰਵਾਏ ਗਏ ਹਨ ਜਿਨ੍ਹਾਂ ਦੀ ਪ੍ਰਾਪਤ ਹੋਈ ਰਿਪੋਰਟ ਅਨੁਸਾਰ ‘ਆਪ’ ਵੱਲੋਂ ਸਕੂਲ ਦੁਕਾਨਾਂ ਅਤੇ ਘਰ ਵਿਚ ਵਰਤਿਆ ਜਾਂਦਾ ਪੀਣ ਵਾਲਾ ਪਾਣੀ ਪੀਣ ਦੇ ਅਯੋਗ ਪਾਇਆ ਗਿਆ ਹੈ। ਸਿਹਤ ਅਧਿਕਾਰੀ ਡਾ. ਗੋਬਿੰਦ ਟੰਡਨ ਵੱਲੋਂ ਉਪਰੋਕਤ ਸਕੂਲਾਂ, ਘਰਾਂ ਅਤੇ ਦੁਕਾਨਾਂ ਦੇ ਪ੍ਰਬੰਧਕਾਂ ਤੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਪਾਣੀ ਦੀਆਂ ਟੈਂਕੀਆਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਅਤੇ ਪੀਣ ਵਾਲੇ ਪਾਣੀ ਨੂੰ ਕਲੋਰੀਨੇਸ਼ਨ ਕਰਕੇ ਜਾਂ ਉਬਾਲ ਕੇ ਪੀਤਾ ਜਾਵੇ ਤਾਂ ਜੋ ਇਸ ਅਯੋਗ ਪਾਣੀ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਦੂਜੇ ਪਾਸੇ ਇੱਥੇ ਜਲ ਸਪਲਾਈ ਵਿਭਾਗ ਦੇ ਦਫਤਰ ਵਿਚ ਲੱਗਿਆ ਟਿਊਬਵੈਲ ਪਿਛਲੇ ਚਾਰ ਮਹੀਨਿਆਂ ਤੋਂ ਖੜ੍ਹਾ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ, ਕਿਉਂਕਿ ਇਹ ਟਿਊਬਵੈੱਲ 15 ਸਾਲ ਪਹਿਲਾਂ ਉਕਤ ਸਥਾਨ ਸਰਕਾਰ ਵਲੋਂ ਲਗਾ ਕੇ ਪਾਣੀ ਲਈ ਟੈਂਕੀ ਉਸਾਰੀ ਸੀ ਪਰ ਹੁਣ ਚਾਰ ਮਹੀਨਿਆਂ ਤੋਂ ਟਿਊਬਵੈੱਲ ਫੇਲ੍ਹ ਹੋਣ ਕਾਰਨ ਸ਼ਹਿਰ ਨੂੰ ਪਾਣੀ ਦੀ ਸਪਲਾਈ ਇਸ ਤੋਂ ਬੰਦ ਹੋ ਚੁੱਕੀ ਹੈ ਪਰ ਪਾਣੀ ਦੀ ਸਪਲਾਈ ਹੋਰ ਦੋ ਟਿਊਬਵੈਲਾਂ ਤੋਂ ਦਿੱਤੀ ਜਾ ਰਹੀ ਹੈ ਪ੍ਰੰਤੂ ਸ਼ਹਿਰ ਵਿਚ ਇਨ੍ਹਾਂ ਤੋਂ ਇਲਾਵਾ ਦੋ ਹੋਰ ਨਵੇਂ ਟਿਊਬਵੈੱਲ ਲਗਾਏ ਗਏ ਸਨ ਪਰ ਉਨ੍ਹਾਂ ਨੂੰ ਅਜੇ ਤੱਕ ਚਲਾਇਆ ਹੀਂ ਨਹੀਂ ਗਿਆ। ਜਦੋਂ ਇਸ ਸਬੰਧੀ ਜਲ ਸਪਲਾਈ ਵਿਭਾਗ ਦੇ ਐੱਸਡੀਓ ਸੰਦੀਪ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਖਰਾਬ ਟਿਊਬਵੈੱਲ ਸਬੰਧੀ ਅਤੇ ਨਵੇਂ ਟਿਊਬਵੈਲਾਂ ਨੂੰ ਚਲਾਉਣ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਨੂੰ ਲਿਖਤੀ ਦੱਸਿਆ ਗਿਆ ਹੈ ਪਰ ਅਜੇ ਤੱਕ ਕੁਝ ਵੀ ਨਹੀਂ ਕੀਤਾ ਗਿਆ।