ਪਰਮਜੀਤ ਸਿੰਘ
ਫਾਜ਼ਿਲਕਾ, 25 ਜੁਲਾਈ
ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਸ਼ਰਮਾ ਜਿੰਪਾ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਦੌਰੇ ਦੌਰਾਨ ਆਖਿਆ ਹੈ ਕਿ ਪੰਜਾਬ ਸਰਕਾਰ ਨਹਿਰੀ ਪਾਣੀ ਤੇ ਅਧਾਰਤ ਵੱਡੇ ਵਾਟਰ ਵਰਕਸਾਂ ਦੇ ਨਿਰਮਾਣ ਤੇ 1100 ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ। ਇਸ ਵਿਚੋਂ ਫਾਜ਼ਿਲਕਾ ਜ਼ਿਲ੍ਹੇ ਵਿਚ 749 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਤੇ ਅਧਾਰਤ ਦੋ ਮੈਗਾ ਵਾਟਰ ਵਰਕਸ ਬਣਾਏ ਜਾਣਗੇ ਜਿੱਥੋਂ ਜ਼ਿਲ੍ਹੇ ਦੀ 7.73 ਲੱਖ ਦੀ ਪੇਂਡੂ ਅਬਾਦੀ ਤੱਕ ਸਾਫ ਪੀਣ ਦਾ ਪਾਣੀ ਪਹੁੰਚਾਇਆ ਜਾਵੇਗਾ। ਕੌਮਾਂਤਰੀ ਸਰਹੱਦ ਦੇ ਨਾਲ ਵਸੇ ਪਿੰਡਾਂ ਤੇਜਾ ਰੁਹੇਲਾ ਅਤੇ ਦੋਨਾ ਨਾਨਕਾਂ ਵਿੱਚ ਅੱਜ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਪਿੰਡਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਉਨ੍ਹਾਂ ਨੂੰ ਇੱਥੇ ਭੇਜਿਆ ਹੈ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਨਹਿਰੀ ਪਾਣੀ ਤੇ ਅਧਾਰਤ ਫਾਜ਼ਿਲਕਾ ਦੇ ਦੋਨੋਂ ਮੈਗਾ ਪ੍ਰਾਜੈਕਟ ਕ੍ਰਮਵਾਰ ਪਿੰਡ ਪੱਤਰੇਵਾਲਾ ਵਿਖੇ ਅਤੇ ਪਿੰਡ ਘੱਟਿਆਂਵਾਲੀ ਵਿਖੇ 2024 ਤੱਕ ਬਣ ਕੇ ਤਿਆਰ ਹੋ ਜਾਣਗੇ। ਪਰ ਤਦ ਤੱਕ ਲਈ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਪਿੰਡਾਂ ਦੇ ਖਰਾਬ ਆਰਓ ਪਲਾਂਟ ਠੀਕ ਕੀਤੇ ਜਾਣ ਅਤੇ ਜਿੱਥੇ ਕਿਤੇ ਨਵੇਂ ਆਰਓ ਜਾਂ ਟਿਊਬਵੈਲ ਲਗਾਉਣ ਦੀ ਜਰੂਰਤ ਹੈ ਉਹ ਤੁਰੰਤ ਲਗਾਏ ਜਾਣ। ਉਨ੍ਹਾਂ ਵਾਅਦਾ ਕੀਤਾ ਕਿ ਲੋਕਾਂ ਲਈ ਪੀਣ ਦੇ ਸਾਫ ਪਾਣੀ ਦੀ ਉਪਲਬੱਧਤਾ ਹਰ ਹਾਲ ਯਕੀਨੀ ਬਣਾਈ ਜਾਵੇਗੀ। ਸ੍ਰੀ ਜਿੰਪਾ ਨੇ ਇੱਥੋਂ ਲੰਘਦੇ ਸਤਲੁਜ ਦਰਿਆ ਦਾ ਵੀ ਦੌਰਾ ਕੀਤਾ ਅਤੇ ਸਥਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੀ ਮੰਗ ਅਨੁਸਾਰ ਐਲਾਨ ਕੀਤਾ ਕਿ ਨਦੀ ਦੇ ਬੈੱਡ ਦੀ ਸਫ਼ਾਈ ਕਰਵਾਈ ਜਾਵੇਗੀ ਤਾਂ ਜੋ ਹੜ੍ਹ ਦਾ ਪਾਣੀ ਖੇਤਾਂ ਦਾ ਨੁਕਸਾਨ ਨਾ ਕਰ ਸਕੇ। ਇਸ ਤੋਂ ਪਹਿਲਾਂ ਇੱਥੇ ਉਨ੍ਹਾਂ ਨੇ ਵਿਭਾਗ ਦੇ ਕੰਮਾਂ ਦੀ ਸਮੀਖਿਆ ਲਈ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ।