ਪੱਤਰ ਪ੍ਰੇਰਕ
ਪਾਇਲ, 16 ਅਗਸਤ
ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਤੇ ਸ਼ਹੀਦ ਭੁਪਿੰਦਰ ਸਿੰਘ ਈਸੜੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਰਧਾਂਜਲੀਆਂ ਭੇਟ ਕਰਦਿਆਂ ਆਖਿਆ ਕਿ ਅਕਾਲੀ ਸਰਕਾਰ ਵੇਲੇ ਸ਼ੁਰੂ ਹੋਇਆ ਨਸ਼ਿਆਂ ਦਾ ਕਾਰੋਬਾਰ ‘ਆਪ’ ਸਰਕਾਰ ਦੇ ਰਾਜ ਵਿੱਚ ਹੋਰ ਵਧ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਸ੍ਰੀ ਮਾਨ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਰਦਾਸ ਕਰਕੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸਾਲ ਦੇ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਗੇ ਪਰ ਸੱਚਾਈ ਲੋਕਾਂ ਸਾਹਮਣੇ ਹੈ। ਹਰ ਰੋਜ਼ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਰਾਜ ਵਿੱਚ ਡਰੱਗ ਮਾਫੀਆ, ਰੇਤ ਮਾਫੀਆ ਤੇ ਟਰਾਂਸਪੋਰਟ ਮਾਫੀਆ ਦਾ ਬੋਲਬਾਲਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਨਿਰਾ ਝੂਠ ਦਾ ਪੁਲੰਦਾ ਸਾਬਤ ਹੋਇਆ ਹੈ। ਪੰਜਾਬ ਦੇ ਖਜ਼ਾਨੇ ਦੀ ਸਥਿਤੀ ਡਾਵਾਂਡੋਲ ਡੋਲ ਹੋ ਗਈ ਹੈ ਅਤੇ ਆਉਣ ਵਾਲੇ ਛੇ ਮਹੀਨਿਆਂ ਵਿੱਚ ਖਜ਼ਾਨੇ ਨੂੰ ਤਾਲਾ ਲੱਗ ਸਕਦਾ ਹੈ। ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਤੇਜ ਪ੍ਰਕਾਸ਼ ਸਿੰਘ ਕੋਟਲੀ ਅਤੇ ਮਲਕੀਤ ਸਿੰਘ ਦਾਖਾ ਨੇ ਵੀ ਸੰਬੋਧਨ ਕੀਤਾ।