ਪਿਛਲੇ ਢਾਈ ਦਹਾਕਿਆਂ ਵਿਚ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਬੜੀ ਤੇਜ਼ੀ ਨਾਲ ਹੋਇਆ ਹੈ। ਨਸ਼ਾ ਕਰਦਿਆਂ ਮਨੁੱਖ ਆਪਣੇ ਆਪ ਨਾਲ ਹਿੰਸਾ ਕਰਦਾ ਹੈ। ਉਹ ਆਪਣਾ ਕਾਤਲ ਖ਼ੁਦ ਬਣਦਿਆਂ ਆਪਣੇ ਆਪ ਨੂੰ ਸੂਲ਼ੀ ’ਤੇ ਟੰਗਦਾ ਹੈ। ਵਰ੍ਹਿਆਂ ਤੋਂ ਪੰਜਾਬ ਦੀ ਜਵਾਨੀ ਸੂਲ਼ੀ ’ਤੇ ਟੰਗੀ ਹੋਈ ਹੈ। ਸਰਕਾਰਾਂ ਨੇ ਬਹੁਤ ਦਾਅਵੇ ਕੀਤੇ ਕਿ ਉਹ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਰੋਕਣਗੇ ਪਰ ਇਸ ਵਿਚ ਕਾਮਯਾਬੀ ਨਹੀਂ ਮਿਲੀ। ਇਸ ਸਬੰਧ ਵਿਚ ਪੰਜਾਬੀ ਸਮਾਜ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦਾ। ਕੁਝ ਮਹੀਨੇ ਪਹਿਲਾਂ ਪੰਜਾਬੀ ਟ੍ਰਿਬਿਊਨ ਨੇ ਨਸ਼ਾ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤਕ ਪਹੁੰਚ ਕਰਨੀ ਸ਼ੁਰੂ ਕੀਤੀ ਸੀ। ਕਰੋਨਾਵਾਇਰਸ ਦੀ ਮਹਾਮਾਰੀ ਦਾ ਸੰਕਟ ਸ਼ੁਰੂ ਹੋਣ ਕਾਰਨ ਉਨ੍ਹਾਂ ਪਰਿਵਾਰਾਂ ਦੀਆਂ ਬਾਤਾਂ ਅਸੀਂ ਲੋਕਾਂ ਤਕ ਨਹੀਂ ਪਹੁੰਚਾ ਸਕੇ। ਉਮੀਦ ਸੀ ਕਿ ਕਰੋਨਾਵਾਇਰਸ ਦੌਰਾਨ ਹੋ ਰਹੀ ਸਖ਼ਤੀ ਕਾਰਨ ਨਸ਼ਿਆਂ ਦਾ ਫੈਲਾਓ ਕੁਝ ਘੱਟ ਜਾਵੇਗਾ ਪਰ ਪਿਛਲੇ ਦਿਨਾਂ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਅਤੇ ਵੱਧ ਰਹੀ ਹਿੰਸਾ ਦੱਸਦੇ ਹਨ ਕਿ ਅਸੀਂ ਨਸ਼ਿਆਂ ਦਾ ਫੈਲਾਓ ਰੋਕਣ ਵਿਚ ਅਸਫ਼ਲ ਰਹੇ ਹਾਂ।
ਲੜੀ ਨੰਬਰ- 2
ਹਮੀਰ ਸਿੰਘ
ਪੱਟੀ (ਤਰਨ ਤਾਰਨ), 1 ਜੁਲਾਈ
ਜਿਸ ਉਮਰ ਵਿੱਚ ਬੱਚਿਆਂ ਤੋਂ ਬੁਢਾਪੇ ਦੀ ਡੰਗੋਰੀ ਬਣਨ ਦੀ ਉਮੀਦ ਰੱਖੀ ਹੁੰਦੀ ਹੈ, ਉਸੇ ਉਮਰ ਵਿੱਚ ਸਵਰਨ ਸਿੰਘ ਮਿਹਨਤ ਮਜ਼ਦੂਰੀ ਕਰਨ ਲਈ ਮਜਬੂਰ ਹੈ। ਇੱਕ ਪੁੱਤ ਨਸ਼ੇ ਨੇ ਪਹਿਲਾਂ ਹੀ ਖਾ ਲਿਆ ਅਤੇ ਦੂਜਾ ਨਸ਼ੇ ਦੀ ਡੋਜ਼ ਤੋਂ ਬਿਨਾਂ ਹਸਪਤਾਲ ਤੱਕ ਜਾਣ ਦੀ ਹਾਲਤ ਵਿੱਚ ਨਹੀਂ ਹੁੰਦਾ। ਆਪਣੇ ਲਾਡਲਿਆਂ ਦੀ ਦਾਸਤਾਨ ਸੁਣਾਉਂਦਿਆਂ 70 ਸਾਲ ਨੂੰ ਢੁਕ ਕੇ ਵੀ ਲੱਕੜ ਦੇ ਆਰੇ ਉੱਤੇ ਕੰਮ ਕਰ ਰਹੇ ਸਵਰਨ ਸਿੰਘ ਦੀਆਂ ਅੱਖਾਂ ਕਈ ਵਾਰ ਨਮ ਹੋਈਆਂ।
ਦੁੱਖਾਂ ਨਾਲ ਜੂਝ ਰਹੇ ਇਸ ਬਜ਼ੁਰਗ ਨੇ ਕਿਹਾ ਕਿ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਛੋਟਾ ਹਰਜਿੰਦਰ ਸਿੰਘ ਪਹਿਲਾਂ ਰਾਜਗਿਰੀ ਦਾ ਕੰਮ ਕਰਦਾ ਸੀ। ਗ਼ੁਰਬਤ ਤੋਂ ਛੁਟਕਾਰਾ ਪਾਉਣ ਲਈ ਉਹ ਦੁਬਈ ਚਲਾ ਗਿਆ। ਉਹ ਦੁਬਈ ਤੋਂ ਪਰਤ ਕੇ ਵੀ ਉਹ ਰਾਜਗਿਰੀ ਦਾ ਕੰਮ ਕਰਨ ਲੱਗ ਪਿਆ ਸੀ ਪਰ ਛੇ ਮਹੀਨੇ ਵੀ ਨਹੀਂ ਕੱਢੇ ਕਿ 27 ਜੂਨ 2014 ਨੂੰ ਨਸ਼ੇ ਦੀ ਓਵਰਡੋਜ਼ ਨਾਲ ਚੱਲ ਵੱਸਿਆ। ਸਵਰਨ ਸਿੰਘ ਨੇ ਭਿੱਜੀਆਂ ਅੱਖਾਂ ਨਾਲ ਕਿਹਾ ਕਿ ਬੁਢਾਪੇ ਵਿੱਚ ਪੁੱਤ ਦੀ ਲਾਸ਼ ਮੋਢੇ ਉੱਤੇ ਚੁੱਕਣ ਦਾ ਭਾਰ ਸਭ ਤੋਂ ਵੱਧ ਹੁੰਦਾ ਹੈ।
ਹਰਜਿੰਦਰ ਤੋਂ ਵੱਡਾ ਗੁਰਵਿੰਦਰ ਹੁਣ ਲਗਪਗ 40 ਸਾਲ ਨੂੰ ਢੁੱਕ ਚੱਲਿਆ ਹੈ ਪਰ ਅਜਿਹੀ ਹਾਲਤ ਵਿੱਚ ਧੀ ਵੀ ਕੌਣ ਦਿੰਦਾ ਹੈ। ਉਹ ਦਸਵੀਂ ਵਿੱਚ ਪੜ੍ਹਦਾ ਹੀ ਰਾਜਗਿਰੀ ਦਾ ਕੰਮ ਕਰਨ ਲੱਗ ਗਿਆ ਸੀ। ਫਿਰ ਉਹ ਇੱਕ ਮੈਡੀਕਲ ਸਟੋਰ ਉੱਤੇ ਲੱਗ ਗਿਆ ਜਿੱਥੋਂ ਉਸ ਨੂੰ ਨਸ਼ੇ ਦੀ ਆਦਤ ਪੈ ਗਈ। ਲਗਪਗ ਦਸ ਸਾਲ ਨਸ਼ੇ ਵਰਤਣ ਕਾਰਨ ਹੁਣ ਉਹ ਕੰਮ ਤੋਂ ਪੂਰੀ ਤਰ੍ਹਾਂ ਨਕਾਰਾ ਹੈ। ਸਰਕਾਰ ਵੱਲੋਂ ਖੋਲ੍ਹੇ ਓਟ ਸਿਸਟਮ ਰਾਹੀਂ ਨਸ਼ੇੜੀਆਂ ਨੂੰ ਮਿਲਣ ਵਾਲੀ ਗੋਲੀ ਖਾਣ ਚਲਾ ਜਾਂਦਾ ਹੈ ਅਤੇ ਆ ਕੇ ਮੁੜ ਘਰ ਨਿਢਾਲ ਜਿਹਾ ਹੋ ਕੇ ਪਿਆ ਰਹਿੰਦਾ ਹੈ। ਇਹ ਗੋਲੀ ਦਿੱਤੀ ਨਸ਼ਾ ਛੁਡਾਉਣ ਲਈ ਸੀ ਪਰ ਹੁਣ ਉਸ ਲਈ ਇਹੀ ਜ਼ਿੰਦਗੀ ਗੁਜ਼ਾਰਨ ਦਾ ਆਧਾਰ ਬਣ ਗਈ ਹੈ।
ਸਰਕਾਰ ਵੱਲੋਂ ਨਸ਼ੇ ਦੀ ਸਪਲਾਈ ਦਾ ਲੱਕ ਤੋੜਨ ਦੇ ਬਾਰੇ ਸਵਰਨ ਸਿੰਘ ਕਹਿੰਦਾ ਹੈ ਕਿ ਸਖ਼ਤੀ ਦਾ ਉੱਤੋਂ-ਉੱਤੋਂ ਢੌਂਗ ਕੀਤਾ ਜਾਂਦਾ ਹੈ ਪਰ ਨਸ਼ਿਆਂ ਦੀ ਕੋਈ ਘਾਟ ਨਹੀਂ ਹੈ। ਪੁਲੀਸ ਨਸ਼ਾ ਵੇਚਣ ਵਾਲਿਆਂ ਨਾਲ ਮਿਲੀ ਹੋਈ ਹੈ। ਪੱਟੀ ਦੇ ਵਾਰਡ ਨੰਬਰ-6 ਦੀ ਗਲੀ ਡਾ. ਮਨਜੀਤ ਸਿੰਘ ਗਲੀ ਦੇ ਨਾਂ ਨਾਲ ਮਸ਼ਹੂਰ ਹੈ, ਹਰ ਨਸ਼ਾ ਕਰਨ ਵਾਲੇ ਨੂੰ ਇਸ ਦਾ ਇਲਮ ਹੈ। ਇਸ ਪੂਰੀ ਗਲੀ ਵਿੱਚ ਕੋਈ ਘਰ ਹੀ ਅਜਿਹਾ ਹੋਵੇਗਾ ਜਿਸ ਦੇ ਘਰ ਦਾ ਜੁਆਕ ਇਨ੍ਹਾਂ ਖ਼ਰਾਬ ਨਾ ਕੀਤਾ ਹੋਵੇ। ਹੁਣ ਤਾਂ ਨਸ਼ਾ ਦੇਣ ਲਈ ਔਰਤਾਂ ਆਉਂਦੀਆਂ ਹਨ ਅਤੇ ਉਹ ਲੋੜ ਅਨੁਸਾਰ ਘਰ-ਘਰ ਸਪਲਾਈ ਦਿੰਦੀਆਂ ਹਨ। ਉਸੇ ਗਲੀ ਦੀਆਂ ਕੁੱਝ ਔੌਰਤਾਂ ਨੇ ਵੀ ਸਵਰਨ ਸਿੰਘ ਦੀ ਗੱਲ ਦੀ ਪੁਸ਼ਟੀ ਕੀਤੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਗ਼ਰੀਬ ਹੋਣ ਕਾਰਨ ਉਨ੍ਹਾਂ ਦੀ ਮਾਫ਼ੀਆ ਖ਼ਿਲਾਫ਼ ਸਾਹਮਣੇ ਆਉਣ ਦੀ ਤਾਕਤ ਨਹੀਂ ਹੈ।
ਸਵਰਨ ਸਿੰਘ ਨੇ ਕਿਹਾ ਉਹ 1947 ਵਿੱਚ ਖਾਲੜੇ ਦੇ ਸਾਹਮਣੇ ਪਾਕਿਸਤਾਨ ਵਾਲੇ ਪਾਸੇ ਪਿੰਡ ਨੂਰਪੁਰ ਗਾਗਾ ਤੋਂ ਉਜੜ ਕੇ ਆਏ ਸਨ ਪਰ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਸੀ। ਸਰੀਰਕ ਮਿਹਨਤ ਨਾਲ ਕਦੇ ਥਕਾਵਟ ਮਹਿਸੂਸ ਨਹੀਂ ਕਰਦੇ ਸਾਂ। ਹੁਣ ਤਾਂ ਨੌਜਵਾਨ ਪੀੜ੍ਹੀ ਦਾ ਭਵਿੱਖ ਹੀ ਸਿਆਸੀ ਆਗੂਆਂ ਅਤੇ ਪੁਲੀਸ ਨੇ ਮਿਲ ਕੇ ਬਰਬਾਦ ਕਰ ਦਿੱਤਾ ਹੈ। ਖਾੜਕੂਵਾਦ ਦੇ ਸਮੇਂ ਪੱਟੀ ਦੇ ਹਸਪਤਾਲ ਵਿੱਚ ਇੱਕ ਖਾੜਕੂ ਦੇ ਜਿੰਦਾ ਹੋਣ ਅਤੇ ਪੁਲੀਸ ਵੱਲੋਂ ਮੁੜ ਮਾਰ ਕੇ ਲੈ ਆਉਣ ਦੇ ਕਾਮਰੇਡ ਸੱਤਪਾਲ ਡਾਂਗ ਵੱਲੋਂ ਉਠਾਏ ਕੇਸ ਦੇ ਚਸ਼ਮਦੀਦ ਗਵਾਹ ਵਜੋਂ ਤਮਾਮ ਧਮਕੀਆਂ ਦੇ ਬਾਵਜੂਦ ਨਿੱਡਰਤਾ ਕਾਰਨ ਮਸ਼ਹੂਰ ਹੋਏ ਕਾਮਰੇਡ ਮਹਾਬੀਰ ਸਿੰਘ ਨੇ ਕਿਹਾ ਕਿ ਨਸ਼ਾ ਲੋਕਾਂ ਅੰਦਰੋਂ ਦਲੇਰੀ ਖ਼ਤਮ ਕਰ ਰਿਹਾ ਹੈ। ਇਸ ਲਈ ਇੱਕ ਜਨਤਕ ਅੰਦੋਲਨ ਦੀ ਲੋੜ ਹੈ, ਸਰਕਾਰਾਂ ਤੋਂ ਉਮੀਦ ਰੱਖਣਾ ਬੇਮਾਅਨਾ ਹੈ।