ਰਮੇਸ਼ ਭਾਰਦਵਾਜ
ਲਹਿਰਾਗਾਗਾ, 6 ਜੂਨ
ਅੱਜ ਇਥੇ ਸਰਕਾਰੀ ਹਸਪਤਾਲ ਵਿਚਲੇ ਓਟ ਕੇਂਦਰ ਵਿੱਚੋਂ ਦਵਾਈ ਨਾ ਮਿਲਣ ਕਾਰਨ ਵੱਡੀ ਗਿਣਤੀ ਮਰੀਜ਼ਾਂ ਨੇ ਧਰਨਾ ਦਿੱਤਾ ਅਤੇ ਮੁੱਖ ਮੰਤਰੀ ਪੰਜਾਬ ਅਤੇ ਸਿਵਲ ਸਰਜਨ ਸੰਗਰੂਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਨਸ਼ੇ ਛੱਡਣ ਵਾਲੇ ਤਰਸੇਮ ਸਿੰਘ ਗੁਰਨੇ ,ਜੰਟਾ ਸਿੰਘ ਤੇ ਗੁਰਬਚਨ ਸਿੰਘ ਨੇ ਕਿਹਾ ਕਿ ਓਟ ਕੇਂਦਰ ’ਚ ਨਸ਼ੇ ਦਾ ਬਦਲ ਦਵਾਈ ਦੇਣ ਤੋਂ ਅਸਮਰਥ ਹਨ। ਓਟ ਕੇਂਦਰ ਦੀ ਡਿਊਟੀ ’ਤੇ ਤਾਇਨਾਤ ਸਟਾਫ ਨਰਸ ਕੁਲਵਿੰਦਰ ਕੌਰ ਨੇ ਦੱਸਿਆ ਕਿ ਇੱਥੇ ਸਿਰਫ਼ ਸੌ ਮਰੀਜ਼ ਰਜਿਸਟਰਡ ਸਨ ਪਰ ਤਾਲਾਬੰਦੀ ਬਾਅਦ ਗਿਣਤੀ ਵਧ ਕੇ 236 ਹੋ ਗਈ ਹੈ। ਇਸ ਲਈ ਸਿਰਫ਼ ਇੱਕ ਦਿਨ ਦੀ ਦਵਾਈ ਹੀ ਦੇਣੀ ਪੈਂਦੀ ਹੈ। ਐੱਸਐੱਮਓ ਡਾ. ਸੂਰਜ ਸ਼ਰਮਾ ਨੇ ਦੱਸਿਆ ਕਿ ਇਥੇ ਦਵਾਈ ਖਤਮ ਹੋਣ ਕਰਕੇ ਬਠਿੰਡਾ ਮੈਡੀਕਲ ਡਿਪੂ ਤੋਂ ਮੰਗਵਾਈ ਹੈ। ਉਨ੍ਹਾਂ ਦੱਸਿਆ ਕਿ ਇਥੇ ਹਰ ਰੋਜ਼ ਕਰੀਬ ਇੱਕ ਹਜ਼ਾਰ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਅੱਜ ਪੰਜ ਦਿਨਾਂ ਦੀ ਦਵਾਈ ਪਹੁੰਚੀ ਹੈ ਅਤੇ ਹਰ ਰੋਜ਼ ਦਵਾਈ ਵੰਡਣ ਦਾ ਭਰੋਸੇ ਮਗਰੋਂ ਧਰਨਾ ਖਤਮ ਕੀਤਾ।