ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 5 ਅਪਰੈਲ
ਮੁਹਾਲੀ ਅਦਾਲਤ ਨੇ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਡਰੱਗ ਮਾਮਲੇ ਵਿੱਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਹੈ। ਅਦਾਲਤ ਨੇ ਅਕਾਲੀ ਆਗੂ ਨੂੰ 19 ਅਪਰੈਲ ਨੂੰ ਅਗਲੀ ਸੁਣਵਾਈ ਦੌਰਾਨ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਹੈ। ਇਸ ਦੌਰਾਨ ਮਜੀਠੀਆ ਦੇ ਵਕੀਲਾਂ ਨੇ ਆਪਣੇ ਮੁਵੱਕਿਲ ਦੀ ਜਾਨ ਨੂੰ ਜੇਲ੍ਹ ਵਿੱਚ ਖ਼ਤਰਾ ਹੋਣ ਦੇ ਜਤਾਏ ਖਦਸ਼ੇ ਮਗਰੋਂ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਤੋਂ ਸਟੇਟਸ ਰਿਪੋਰਟ ਤਲਬ ਕਰ ਲਈ ਹੈ। ਇਸ ਮਾਮਲੇ ’ਤੇ ਹੁਣ ਬੁੱਧਵਾਰ ਨੂੰ ਵੀ ਸੁਣਵਾਈ ਜਾਰੀ ਰਹੇਗੀ। ਮਜੀਠੀਆ ਨੇ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਵਿੱਚ ਅੱਜ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ। ਬਚਾਅ ਪੱਖ ਦੇ ਵਕੀਲਾਂ ਦਮਨਬੀਰ ਸਿੰਘ ਸੋਬਤੀ, ਅਰਸ਼ਦੀਪ ਸਿੰਘ ਕਲੇਰ ਅਤੇ ਐੱਚਐੱਸ ਧਨੋਆ ਨੇ ਸੈਸ਼ਨ ਜੱਜ ਨੂੰ ਦੱਸਿਆ ਕਿ ਜੇਲ੍ਹ ਵਿੱਚ ਮਜੀਠੀਆ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ ਕਿਉਂਕਿ (ਪਟਿਆਲਾ ਦੀ) ਜੇਲ੍ਹ ਵਿੱਚ ਖਾੜਕੂ ਅਤੇ ਗੈਂਗਸਟਰਾਂ ਸਮੇਤ ਹੋਰ ਮਾੜੇ ਅਨਸਰ ਬੰਦ ਹਨ। ਬਚਾਅ ਪੱਖ ਨੇ ਮੀਡੀਆ ਵਿੱਚ ਪ੍ਰਕਾਸ਼ਿਤ ਖ਼ਬਰਾਂ ਅਤੇ ਜੇਲ੍ਹ ਮੰਤਰੀ ਦੇ ਦੌਰੇ ਬਾਰੇ ਤਸਵੀਰਾਂ ਵੀ ਵਿਖਾਈਆਂ। ਵਕੀਲਾਂ ਨੇ ਦੱਸਿਆ ਕਿ ਮੰਤਰੀ ਦੀ ਫੇਰੀ ਮਗਰੋਂ ਮਜੀਠੀਆ ਦੀ ਬੈਰਕ ਬਦਲੀ ਗਈ ਹੈ। ਅਦਾਲਤ ਨੇ ਬਚਾਅ ਪੱਖ ਨੂੰ ਇਸ ਬਾਰੇ ਲਿਖਤੀ ਰੂਪ ਵਿੱਚ ਅਰਜ਼ੀ ਦੇਣ ਲਈ ਕਿਹਾ ਹੈ। ਬਾਅਦ ਦੁਪਹਿਰ ਨਵੇਂ ਸਿਰਿਓਂ ਅਰਜ਼ੀ ਦਾਇਰ ਕੀਤੀ ਗਈ। ਸੁਣਵਾਈ ਕਰਦਿਆਂ ਅਦਾਲਤ ਨੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਨੂੰ ਭਲਕੇ 6 ਅਪਰੈਲ ਤੱਕ ਮਜੀਠੀਆ ਦੇ ਸੁਰੱਖਿਆ ਮਾਮਲੇ ਵਿੱਚ ਤਫ਼ਸੀਲੀ ਸਟੇਟਸ ਰਿਪੋਰਟ ਦਾਖ਼ਲ ਕਰਨ ਦੇ ਹੁਕਮ ਕੀਤੇ ਹਨ।