ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦੋ ਸਾਲ ਪਹਿਲਾਂ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਦਰਜ ਕੀਤੇ ਗਏ ਕੇਸ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਅੱਜ ਸਿਟ ਵੱਲੋਂ ਲਗਾਤਾਰ ਦੂਸਰੇ ਦਿਨ ਅਕਾਲੀ ਆਗੂ ਮਨਜਿੰਦਰ ਸਿੰਘ ਉਰਫ ਬਿੱਟੂ ਔਲਖ, ਜਗਜੀਤ ਸਿੰਘ ਚਾਹਲ ਅਤੇ ਬੋਨੀ ਅਜਨਾਲਾ ਦੇ ਬਿਆਨ ਦਰਜ ਕੀਤੇ ਗਏ। ਸਿਟ ਵੱਲੋਂ ਇਨ੍ਹਾਂ ਨੂੰ ਗਵਾਹਾਂ ਵਜੋਂ ਸੱਦਿਆ ਗਿਆ ਸੀ। ਬੋਨੀ ਅਜਨਾਲਾ ਅੱਜ ਦੂਜੇ ਦਿਨ ਮੁੜ ਸਿਟ ਦੇ ਮੁਖੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਪਟਿਆਲਾ ਸਥਿਤ ਦਫਤਰ ਵਿੱਚ ਬਾਅਦ ਦੁਪਹਿਰ 2 ਵਜੇ ਪੁੱਜੇ ਅਤੇ ਉਹ ਰਾਤ 8 ਵਜੇ ਬਿੱਟੂ ਔਲਖ ਤੇ ਜਗਜੀਤ ਸਿੰਘ ਚਾਹਲ ਨਾਲ ਹੀ ਏਡੀਜੀਪੀ ਦਫਤਰ ਵਿੱਚੋਂ ਬਾਹਰ ਆਏ। ਦੱਸ ਦਈਏ ਕਿ ਇਹ ਤਿੰਨੋਂ ਹੀ ਡਰੱਗਜ਼ ਮਾਮਲੇ ਦੀ ਜਾਂਚ ਕਰ ਰਹੀ ਸਿਟ ਕੋਲ ਮਾਮਲੇ ਦੇ ਗਵਾਹਾਂ ਵਜੋਂ ਪੁੱਜੇ ਹੋਏ ਸਨ ਕਿਉਂਕਿ ਜਿੱਥੇ ਬੋਨੀ ਅਜਨਾਲਾ ਨੇ ਕੁਝ ਸਾਲ ਪਹਿਲਾਂ ਵਿਧਾਇਕ ਹੁੰਦਿਆਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਇਲਾਕੇ ਵਿੱਚ ਨਸ਼ਾ ਤਸਕਰੀ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਸੀ, ਉੱਥੇ ਹੀ ਬਿੱਟੂ ਔਲਖ ਅਤੇ ਜਗਜੀਤ ਚਾਹਲ ਨੂੰ ਵੀ ਅਜਿਹੇ ਹਾਲਾਤ ਬਾਰੇ ਵਧੇਰੇ ਜਾਣਕਾਰੀ ਹੋਣ ਕਰਕੇ ਇਨ੍ਹਾਂ ਨੂੰ ਗਵਾਹਾਂ ਵਜੋਂ ਸੱਦਿਆ ਗਿਆ ਹੈ। ਦੂਜੇ ਪਾਸੇ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਸ੍ਰੀ ਮਜੀਠੀਆ ਮੁੱਖ ਮੰਤਰੀ ਦੀਆਂ ਆਪਹੁਦਰੀਆਂ ਤੇ ਲੋਕਾਂ ਦੀ ਆਵਾਜ਼ ਬੰਦ ਕਰਨ ਵਾਲੀਆਂ ਸਰਗਰਮੀਆਂ ਦਾ ਹਿੱਕ ਠੋਕ ਕੇ ਮੁਕਾਬਲਾ ਕਰ ਰਹੇ ਹਨ, ਜਿਸ ਕਰ ਕੇ ਹੀ ਉਨ੍ਹਾਂ ਦੀ ਆਵਾਜ਼ ਬੰਦ ਕਰਨ ਦੇ ਮਨੋਰਥ ਨਾਲ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ।