ਕੇਪੀ ਸਿੰਘ
ਗੁਰਦਾਸਪੁਰ, 27 ਜੁਲਾਈ
ਇਥੋਂ ਦੀ ਪੁਲੀਸ ਨੇ ਹੈਰੋਇਨ ਤਸਕਰਾਂ ਦੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਨੂੰ ਅਮਰੀਕਾ ਤੋਂ ਚਲਾਇਆ ਜਾ ਰਿਹਾ ਸੀ। ਪੁਲੀਸ ਨੇ ਇੱਕ ਔਰਤ ਸਣੇ ਇਸ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 80 ਕਰੋੜ ਰੁਪਏ ਦੇ ਮੁੱਲ ਦੀ 18 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਔਰਤ ਦੇ ਸਬੰਧ ਕ੍ਰੋਏਸ਼ੀਆ ਮੁਲਕ ਨਾਲ ਦੱਸੇ ਗਏ ਹਨ। ਇਸ ਗਰੋਹ ਦੀ ਕਾਰਵਾਈ ਅਮਰੀਕਾ ਬੈਠਾ ਮਨਦੀਪ ਸਿੰਘ ਧਾਲੀਵਾਲ ਚਲਾ ਰਿਹਾ ਸੀ ਜੋ ਗ੍ਰਿਫ਼ਤਾਰ ਕੀਤੀ ਗਈ ਤਿੱਕੜੀ ਨਾਲ ਲਗਾਤਾਰ ਫ਼ੋਨ ਰਾਹੀਂ ਸੰਪਰਕ ਵਿੱਚ ਸੀ।
ਪੰਜਾਬ ਪੁਲੀਸ ਵੱਲੋਂ ਖ਼ੁਫ਼ੀਆ ਏਜੰਸੀਆਂ ‘ਰਾਅ’ ਅਤੇ ‘ਆਈਬੀ’ ਕੋਲੋਂ ਮਨਦੀਪ ਸਿੰਘ ਦੇ ਅਸਲ ਸ਼ਹਿਰ ਅਤੇ ਟਿਕਾਣੇ ਦੀ ਜਾਣਕਾਰੀ ਸਬੰਧੀ ਮਦਦ ਲਈ ਜਾਵੇਗੀ। ਐੱਸਐੱਸਪੀ ਹਰੀਸ਼ ਦਯਾਮਾ ਨੇ ਦੱਸਿਆ ਕਿ ਸਪੈਸ਼ਲ ਸੈੱਲ ਦੀ ਟੀਮ ਵੱਲੋਂ ਡੀਐੱਸਪੀ ਸੁਖਪਾਲ ਸਿੰਘ ਦੀ ਦੇਖ-ਰੇਖ ਵਿੱਚ ਸ਼ੂਗਰ ਮਿੱਲ ਪਨਿਆੜ ਵਿੱਚ ਨਾਕਾਬੰਦੀ ਦੌਰਾਨ ਇੱਕ ਕਾਰ ਨੰਬਰ ਪੀ.ਬੀ-31- 1679 ਸਵਿਫ਼ਟ ਡਿਜ਼ਾਇਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਾਂਚ ਕੀਤੀ ਤਾਂ ਉਸ ਵਿਚੋਂ 18 ਕਿਲੋਂ ਹੈਰੋਇਨ ਬਰਾਮਦ ਹੋਈ। ਕਾਰ ਸਵਾਰਾਂ ਦੀ ਪਛਾਣ ਵਿਕਰਮਜੀਤ ਸਿੰਘ ਉਰਫ਼ ਵਿੱਕੀ ਪੁੱਤਰ ਸਵਰਨ ਸਿੰਘ ਵਾਸੀ ਜਖੇਪਲ ਥਾਣਾ ਧਰਮਗੜ੍ਹ, ਜ਼ਿਲ੍ਹਾ ਸੰਗਰੂਰ, ਸੰਦੀਪ ਕੌਰ ਉਰਫ਼ ਹਰਮਨ ਪਤਨੀ ਪਰਮਿੰਦਰ ਸਿੰਘ ਵਾਸੀ ਮੀਮਸਾ ਥਾਣਾ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਕੁਲਦੀਪ ਸਿੰਘ ਉਰਫ਼ ਕਾਲਾ ਪੁੱਤਰ ਦਰਸ਼ਨ ਸਿੰਘ ਵਾਸੀ ਗੁੱੜਦੀ ਥਾਣਾ ਭੀਖੀ ਜ਼ਿਲ੍ਹਾ ਮਾਨਸਾ ਵਜੋਂ ਹੋਈ। ਇਸ ਤੋਂ ਇਲਾਵਾ ਕਾਰ ਵਿੱਚੋਂ ਕੈਮਰਾ ਵੀ ਬਰਾਮਦ ਹੋਇਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਪੁੱਛ-ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਤਿੰਨੇ ਜਣੇ ਹੈਰੋਇਨ ਦੀ ਖੇਪ ਸ੍ਰੀਨਗਰ ਤੋਂ ਲੈ ਕੇ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਡਰੱਗ ਰੈਕਟ ਦਾ ਸਰਗਨਾ ਮਨਦੀਪ ਸਿੰਘ ਧਾਲੀਵਾਲ ਹੈ ਜੋ ਹੈਰੋਇਨ ਮੰਗਵਾਉਣ ਅਤੇ ਸਪਲਾਈ ਕਰਨ ਦਾ ਕੰਮ ਕਰਦਾ ਹੈ, ਜਿਸ ਵੱਲੋਂ ਇਹ ਡਰੱਗ ਰੈਕੇਟ ਅਮਰੀਕਾ ਤੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਉਰਫ਼ ਕਾਲਾ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਹੇਠ ਦੋ ਕੇਸ ਦਰਜ ਹਨ। ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ। ਇਸ ਮਾਮਲੇ ਦੀ ਜਾਣਕਾਰੀ ਅੱਜ ਸੂਬੇ ਦੇ ਡੀਜੀਪੀ ਗੌਰਵ ਯਾਦਵ ਵਲੋਂ ਟਵਿੱਟਰ ’ਤੇ ਵੀ ਨਸ਼ਰ ਕੀਤੀ ਗਈ।