ਦਵਿੰਦਰ ਸਿੰਘ ਭੰਗੂ
ਰਈਆ, 11 ਅਗਸਤ
ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਨਹੀਂ ਮਿਲਦੇ, ਊਹ ਲੋਕਾਂ ਦੀ ਸਾਰ ਕਿੱਥੋਂ ਲੈਣਗੇ। ਊਨ੍ਹਾਂ ਪਿੰਡ ਮੁੱਛਲ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੇ ਵਾਰਸਾਂ ਦੇ ਘਰ-ਘਰ ਜਾ ਕੇ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਜੇ ਲੋਕ ਆਵਾਜ਼ ਨਾ ਉਠਾਉਂਦੇ ਤਾਂ ਕਿਸੇ ਨੇ ਵੀ ਸਾਰ ਨਹੀਂ ਲੈਣੀ ਸੀ। ਜੇ ਸਰਕਾਰ ਨੇ ਸ਼ਰਾਬ ਤਸਕਰਾਂ ਨੂੰ ਸਮੇਂ ਸਿਰ ਹੱਥ ਪਾਇਆ ਹੁੰਦਾ ਤਾਂ ਦੁਖਾਂਤ ਵਾਪਰਨ ਤੋਂ ਰੁਕ ਸਕਦਾ ਸੀ। ਪੁਲੀਸ ਦੀ ਜਾਂਚ ਨਾਲ ਲੋਕਾਂ ਨੂੰ ਇਨਸਾਫ਼ ਨਹੀਂ ਮਿਲਣਾ। ਪੀੜਤਾਂ ਨੂੰ ਇਨਸਾਫ ਕਿਸੇ ਹਾਈ ਕੋਰਟ ਦੇ ਜੱਜ ਜਾਂ ਸੀਬੀਆਈ ਤੋਂ ਜਾਂਚ ਕਰਵਾਊਣ ਨਾਲ ਹੀ ਮਿਲ ਸਕਦਾ ਹੈ।
ਊਨ੍ਹਾਂ ਕਿਹਾ ਕਿ ਪੰਜਾਬ ਦੇ ਇਲਾਕਿਆਂ ਵਿੱਚ ਨਸ਼ਾ ਸਿਆਸੀ ਆਗੂਆਂ ਅਤੇ ਪੁਲੀਸ ਦੀ ਸ਼ਹਿ ਨਾਲ ਹੀ ਵਿਕਦਾ ਹੈ। ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਥਾਂ ਥਾਂ ’ਤੇ ਵਿਕਦੀ ਹੈ ਅਤੇ ਚਿੱਟਾ ਵੀ ਵਿਕ ਰਿਹਾ ਹੈ। ਊਨ੍ਹਾਂ ਕਿਹਾ ਕਿ ਮੌਤਾਂ ਦੀ ਜ਼ਿੰਮੇਵਾਰ ਮੌਜੂਦਾ ਪੰਜਾਬ ਸਰਕਾਰ ਹੈ। ਊਨ੍ਹਾਂ ਕਿਹਾ ਕਿ ਸੁਨੀਲ ਜਾਖੜ ਤਾਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕਦੀ ਵੀ ਜਾ ਕੇ ਨਹੀਂ ਮਿਲੇ। ਸ੍ਰੀ ਦੂਲੋ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਫਰਜ਼ ਪਛਾਣਨ ਦੀ ਸਲਾਹ ਦਿੱਤੀ। ਊਨ੍ਹਾਂ ਕਿਹਾ ਕਿ ਹੁਣ ਤਾਨਾਸ਼ਾਹੀ ਨਹੀਂ ਚੱਲਗੀ ਕਿਉਂਕਿ ਹਰ ਇਕ ਨੂੰ ਬੋਲਣ ਦਾ ਅਧਿਕਾਰ ਹੈ। ਊਨ੍ਹਾਂ ਕਿਹਾ ਕਿ ਬਾਜਵਾ ’ਤੇ ਹਮਲਾ ਹੋਇਆ ਸੀ ਜਿਸ ਕਰਕੇ ਉਨ੍ਹਾਂ ਨੂੰ ਪੰਜਾਬ ਤੇ ਕੇਂਦਰ ਵੱਲੋਂ ਸੁਰੱਖਿਆ ਦਿੱਤੀ ਗਈ ਸੀ ਜੋ ਵਾਪਸ ਲੈਣੀ ਗਲਤ ਹੈ।
ਕੁਲੀਆਂ ਦਾ ਮਾਮਲਾ ਸੰਸਦ ’ਚ ਚੁੱਕਣ ਦਾ ਭਰੋਸਾ
ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਦੀ ਅਗਵਾਈ ਹੇਠ ਆਈਸੀਪੀ ਅਟਾਰੀ ਵਿੱਚ ਕੰਮ ਕਰਦੇ 1433 ਕੁਲੀਆਂ ਦੇ ਪ੍ਰਤੀਨਿਧ ਮੰਡਲ ਨੇ ਪਿੰਡ ਮੁੱਛਲ ਵਿਚ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨਾਲ ਮੁਲਾਕਾਤ ਕੀਤੀ। ਊਨ੍ਹਾਂ ਠੇਕਾ ਆਧਾਰਿਕ ਕੁਲੀਆਂ ਨੂੰ ਪੱਕੇ ਕਰਨ ਕਰਨ ਲਈ ਨਿਯਮ ਅਤੇ ਸ਼ਰਤਾਂ ਤੈਅ ਕਰਨ ਲਈ ਰਾਜ ਸਭਾ ’ਚ ਕੁਲੀਆਂ ਦੇ ਹਿੱਤਾਂ ਦੀ ਵਕਾਲਤ ਕਰਨ ਦਾ ਭਰੋਸਾ ਦਿੱਤਾ।