ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 16 ਅਗਸਤ
ਇਥੋਂ ਦੇ ਜਾਖਲ ਰੋਡ ਉੱਤੇ ਇਕ ਸ਼ਰਾਬੀ ਪਤੀ ਨੇ ਆਪਣੀ ਪਤਨੀ ’ਤੇ ਦਾਤ ਨਾਲ ਹਮਲਾ ਕੀਤਾ, ਪਰੰਤੂ ਮੌਕੇ ’ਤੇ ਇੱਕਠੀ ਹੋਈ ਭੀੜ ਨੇ ਉਸ ਨੂੰ ਕਾਬੂ ਕਰ ਲਿਆ ਤੇ ਉਸ ਦੀ ਚੰਗੀ ਛਿੱਤਰ ਪਰੇਡ ਕੀਤੀ ਤੇ ਪੁਲੀਸ ਨੂੰ ਮੌਕੇ ’ਤੇ ਸੱਦ ਲਿਆ। ਪੁਲੀਸ ਨੇ ਜ਼ਖਮੀ ਹੋਏ ਪਤੀ ਪਤਨੀ ਨੂੰ ਇਲਾਜ ਲਈ ਸੁਨਾਮ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ।
ਪੁਲੀਸ ਅਨੁਸਾਰ ਸੁਨਾਮ ਦੀ ਵੀਰਪਾਲ ਕੌਰ, ਛਾਜਲੀ ਦੇ ਅਜੈਬ ਸਿੰਘ ਨਾਲ ਵਿਆਹੀ ਹੋਈ ਹੈ। ਅਜੈਬ ਸਿੰਘ ਸ਼ਰਾਬੀ ਪੀਣ ਦਾ ਆਦੀ ਹੈ। ਉਹ ਆਪਣੀ ਪਤਨੀ ਨੂੰ ਤੰਗ ਪਰੇਸ਼ਾਨ ਕਰਦਾ ਸੀ। ਕੁਝ ਸਮਾਂ ਪਹਿਲਾਂ ਉਸ ਨੇ ਪਤਨੀ ਨੂੰ ਕੁੱਟ-ਮਾਰ ਕਰ ਕੇ ਘਰੋਂ ਕੱਢ ਦਿਤਾ ਸੀ ਜੋ ਸੁਨਾਮ ਵਿਖੇ ਆਪਣੀ ਮਾਂ ਕੋਲ ਰਹਿ ਰਹੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਜ ਅਜੈਬ ਸਿੰਘ ਸੁਨਾਮ ਆਇਆ ਅਤੇ ਆਪਣੀ ਪਤਨੀ ਨੂੰ ਭਰੋਸੇ ਵਿਚ ਲੈ ਕੇ ਛਾਜਲੀ ਲੈ ਗਿਆ , ਜਿਥੇ ਉਸਨੇ ਆਪਣੀ ਪਤਨੀ ਨੂੰ ਬੰਨ੍ਹ ਕੇ ਉਸਦੀ ਕੁੱਟਮਾਰ ਕੀਤੀ। ਉਸ ਤੋਂ ਬਾਅਦ ਉਹ ਉਸ ਨੂੰ ਮੋਟਰਸਾਇਕਲ ਰੇਹੜੀ ’ਤੇ ਬੰਨ੍ਹ ਕੇ ਵਾਪਸ ਸੁਨਾਮ ਲੈ ਆਇਆ। ਸੁਨਾਮ ਦੇ ਆਈਟੀਆਈ ਚੌਕ ਵਿਚ ਲਿਆ ਕੇ ਉਸ ਨੇ ਰੇਹੜੀ ਵਿਚ ਨੂੜੀ ਆਪਣੀ ਪਤਨੀ ਨੂੰ ਕੁੱਟਣਾ ਸ਼ੁਰੂ ਕਰ ਦਿਤਾ। ਇਥੇ ਲੋਕਾਂ ਨੇ ਉਸਨੂੰ ਰੋਕ ਦਿਤਾ। ਉਸ ਤੋਂ ਬਾਅਦ ਉਹ ਰੇਹੜੀ ਵਿਚ ਬੰਨ੍ਹੀ ਪਤਨੀ ਨੂੰ ਸੁਨਾਮ ਦੇ ਜਾਖਲ ਰੋਡ ’ਤੇ ਲੈ ਗਿਆ ਅਤੇ ਦਾਤ ਉਸਨੂੰ ਮਾਰਨ ਲਈ ਕੱਢ ਲਿਆ।
ਲੋਕਾਂ ਨੇ ਵਿਚ ਪੈ ਕੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਲਗਾਤਾਰ ਪਤਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ। ਇਸ ਤੋਂ ਬਾਅਦ ਜਿਵੇਂ ਹੀ ਉਸਨੇ ਦਾਤ ਨਾਲ ਆਪਣੀ ਪਤਨੀ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਸ ਨੂੰ ਕਾਬੂ ਕਰਕੇ ਉਸ ਦੀ ਚੰਗੀ ਛਿੱਤਰ ਪਰੇਡ ਕੀਤੀ ਅਤੇ ਪੁਲੀਸ ਨੂੰ ਮੌਕੇ ’ਤੇ ਸੱਦ ਲਿਆ। ਪੁਲੀਸ ਨੇ ਬੀਰਪਾਲ ਕੌਰ ਅਤੇ ਲੋਕਾਂ ਵੱਲੋਂ ਬੁਰੀ ਤਰ੍ਹਾਂ ਝੰਬੇ ਅਜੈਬ ਸਿੰਘ ਨੂੰ ਸੁਨਾਮ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭੇਜ ਦਿਤਾ।
ਉਧਰ, ਵੀਰਪਾਲ ਕੌਰ ਦੀ ਮਾਤਾ ਅਮਰਜੀਤ ਕੌਰ ਨੇ ਕਿਹਾ ਕਿ ਅਜੈਬ ਸਿੰਘ ਉਨ੍ਹਾਂ ਦੀ ਲੜਕੀ ਦੀ ਅਕਸਰ ਹੀ ਕੁੱਟਮਾਰ ਕਰਦਾ ਸੀ। ਉਸ ਨੇ ਦੋਸ਼ ਲਾਇਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਪੁਲੀਸ ਕੋਲ ਸ਼ਿਕਾਇਤ ਕੀਤੀ ਹੋਈ ਸੀ ਪਰ ਪੁਲੀਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪੁਲੀਸ ਨੇ ਪੀੜਤ ਦੀ ਮਾਤਾ ਦੇ ਬਿਆਨਾਂ ’ਤੇ ਕਾਰਵਾਈ ਆਰੰਭ ਦਿੱਤੀ ਹੈ।