ਕੁਲਦੀਪ ਸਿੰਘ
ਚੰਡੀਗੜ੍ਹ, 17 ਸਤੰਬਰ
ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਨੇ ਸਿੱਖਿਆ ਵਿਭਾਗ ਪੰਜਾਬ ’ਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ ਹੈ। ਡੀਟੀਐੱਫ ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਪੰਜਵੀਂ ਜਮਾਤ ਦੀ ਪੰਜਾਬੀ ਵਿਸ਼ੇ ਦੀ ਮੁਲਾਂਕਣ ਪ੍ਰੀਖਿਆ ਵਿੱਚ ਸਿੱਖਿਆ ਵਿਭਾਗ ਵੱਲੋਂ ਮੁੱਖ ਮੰਤਰੀ ਨੂੰ ਸਿਆਸੀ ਲਾਹਾ ਦੇਣ ਲਈ ਸਰਕਾਰ ਦੇ ਪੈਨਸ਼ਨ ਵਾਧੇ ਸਬੰਧੀ ਇਤਿਹਾਸ ਨੂੰ ਹੂਬਹੂ ਛਾਪਿਆ ਗਿਆ ਸੀ ਤੇ ਅੱਜ ਬਾਰ੍ਹਵੀਂ ਜਮਾਤ ਦੇ ਇਤਿਹਾਸ ਵਿਸ਼ੇ ਦੇ ਮੁਲਾਂਕਣ ਪੇਪਰ ’ਚ ਤਿੰਨ ਪ੍ਰਮੁੱਖ ਕਾਂਗਰਸੀ ਆਗੂਆਂ ਨੂੰ ਗੁਰੂ ਸਾਹਿਬ ਦੇ ‘ਆਸ਼ੀਰਵਾਦ’ ਦਾ ਪਾਤਰ ਬਣਾ ਕੇ ਪੇਸ਼ ਕੀਤਾ ਗਿਆ ਹੈ। ਡੀਟੀਐੱਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਬਾਰ੍ਹਵੀਂ ਦੇ ਇਤਿਹਾਸ ਵਿਸ਼ੇ ਦੀ ਮੁਲਾਂਕਣ ਪ੍ਰੀਖਿਆ ਦੌਰਾਨ ਪ੍ਰਸ਼ਨ ਨੰਬਰ-39 ਰਾਹੀਂ ਪੁੱਛਿਆ ਗਿਆ, ‘‘ਸੱਤਵੇਂ ਗੁਰੂ ਹਰਿ ਰਾਏ ਜੀ ਨੇ ਕਿਸ ਦੇ ਵਡੇਰਿਆਂ ਨੂੰ ਆਸ਼ੀਰਵਾਦ ਦਿੱਤਾ ਸੀ?’’ ਇਸ ਦੇ ਜਵਾਬ ਲਈ ਦਿੱਤੇ ਵਿਕਲਪਾਂ ’ਚ ਰਾਜਿੰਦਰ ਕੌਰ ਭੱਠਲ, ਰਾਣਾ ਗੁਰਜੀਤ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਵਾਂ ਦਾ ਜ਼ਿਕਰ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਇਤਿਹਾਸਕ ਤੱਥਾਂ ਨੂੰ ਟੇਢੇ ਢੰਗ ਨਾਲ ਵਰਤਦਿਆਂ ਸੱਤਾਧਾਰੀ ਆਗੂਆਂ ਨੂੰ ਗੁਰੂ ਸਾਹਿਬਾਨ ਦੇ ‘ਆਸ਼ੀਰਵਾਦ’ ਦੇ ਪਾਤਰ ਵਜੋਂ ਪੇਸ਼ ਕਰ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ।