ਸੰਤੋਖ ਗਿੱਲ
ਗੁਰੂਸਰ ਸੁਧਾਰ, 17 ਜੁਲਾਈ
ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਵਿੱਚ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੱਦੀ ਘਰ ਸਰਕਾਰੀ ਬੇਰੁਖ਼ੀ ਕਾਰਨ ਖੰਡਰ ਬਣਦਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਪ੍ਰਾਚੀਨ ਅਤੇ ਇਤਿਹਾਸਕ ਸਮਾਰਕਾਂ ਦੇ ਰੱਖ-ਰਖਾਅ ਲਈ ਬਣੇ ਕਾਨੂੰਨ 1964 ਅਧੀਨ ਸਰਕਾਰ ਦੇ ਪੁਰਾਤਤਵ ਵਿਭਾਗ ਨੇ ਇਸ ਮਕਾਨ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਲਈ ਹੋਈ ਹੈ ਪਰ ਖ਼ਾਲੀ ਖ਼ਜ਼ਾਨੇ ਕਾਰਨ ਵਿਭਾਗ ਦੇ ਹੱਥ ਖੜ੍ਹੇ ਹਨ। ਪਿਛਲੇ ਦਿਨੀਂ ਸ਼ਹੀਦ ਸਮਾਰਕ ਦੇ ਨਿਰੀਖਣ ਲਈ ਆਏ ਪੁਰਾਤਤਵ ਵਿਭਾਗ ਦੇ ਇਕ ਅਧਿਕਾਰੀ ਅਮਰੀਕ ਸਿੰਘ ਨੂੰ ਪਿੰਡ ਦੀ ਪੰਚਾਇਤ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਨੇ ਸਮਾਰਕ ਦੇ ਨਿਗਰਾਨ ਸੁਭਾਸ਼ ਸਿੰਘ ਰਾਹੀਂ ਘਰ ਦੀ ਮੁਰੰਮਤ ਲਈ ਮੰਗ ਪੱਤਰ ਸੌਂਪਿਆ ਸੀ, ਜਿਸ ਦਾ ਹਾਲੇ ਕੋਈ ਜੁਆਬ ਨਹੀਂ ਆਇਆ।
ਜ਼ਿਕਰਯੋਗ ਹੈ ਕਿ 1997 ਵਿੱਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀ ਪਹਿਲੀ ਮੰਤਰੀ ਮੰਡਲ ਮੀਟਿੰਗ ਵਿੱਚ ਖੰਡਰ ਬਣ ਚੁੱਕੇ ਸ਼ਹੀਦ ਦੇ ਜੱਦੀ ਘਰ ਨੂੰ ਮੁੜ ਪੁਰਾਤਨ ਰੂਪ ਦੇਣ ਦਾ ਮਤਾ ਪਾਸ ਕੀਤਾ ਗਿਆ ਸੀ। ਚਾਰ ਸਾਲ ਧੂੜ ਫੱਕਣ ਬਾਅਦ ਮਤਾ ਲਾਗੂ ਕਰਾਉਣ ਲਈ ਸ਼ਹੀਦ ਸਰਾਭਾ ਦੀ ਚਚੇਰੀ ਭੈਣ ਬੀਬੀ ਜਗਦੀਸ਼ ਕੌਰ ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਅੱਗੇ 26 ਜਨਵਰੀ, 2001 ਨੂੰ ਮਰਨ ਵਰਤ ’ਤੇ ਬੈਠਣ ਦਾ ਐਲਾਨ ਕਰਨਾ ਪਿਆ। ਆਜ਼ਾਦੀ ਦਿਵਸ ਮੌਕੇ ਪੱਤਰਕਾਰਾਂ ਵੱਲੋਂ ਸ਼ਹੀਦ ਦੇ ਬੁੱਤ ਸਾਹਮਣੇ ਬੈਠ ਕੇ ਸਿਰਾਂ ਦਾ ਮੁੰਡਨ ਕਰਵਾਉਣ ਮਗਰੋਂ ਸਰਕਾਰ ਨੇ ਇਸ ਜੱਦੀ ਮਕਾਨ ਦੀ ਹੇਠਲੀ ਮੰਜ਼ਿਲ ਦਾ ਕੰਮ ਕਰਵਾਇਆ ਸੀ। ਸਾਲ 2014 ਵਿੱਚ ਸਰਪੰਚ ਪ੍ਰੇਮਜੀਤ ਸਿੰਘ ਗਰੇਵਾਲ ਦੀ ਪਹਿਲਕਦਮੀ ਮਗਰੋਂ ਦੂਜੀ ਮੰਜ਼ਿਲ ਵੀ ਅੱਧੀ ਅਧੂਰੀ ਬਣਾ ਦਿੱਤੀ ਗਈ ਪਰ ਮੰਤਰੀ ਮੰਡਲ ਦੇ ਫ਼ੈਸਲੇ ਅਨੁਸਾਰ ਢਾਈ ਦਹਾਕਿਆਂ ਉਪਰੰਤ ਵੀ ਘਰ ਪੁਰਾਤਨ ਰੂਪ ਵਿੱਚ ਨਾ ਬਣ ਸਕਿਆ। ਹੁਣ ਮਕਾਨ ਦੀਆਂ ਕੰਧਾਂ ਦਾ ਰੰਗ-ਰੋਗਨ ਅਤੇ ਪਲੱਸਤਰ ਖਲੇਪੜ ਬਣ ਕੇ ਡਿੱਗਣ ਲੱਗਿਆ ਹੈ ਅਤੇ ਪਿਛਲੇ ਸਾਲ ਦੇ ਮੀਂਹ ਦਾ ਪਾਣੀ ਕੰਧਾਂ ਵਿੱਚੋਂ ਰਿਸ ਕੇ ਘਰ ਦੀਆਂ ਨੀਂਹਾਂ ’ਚ ਪੈਣ ਕਾਰਨ ਉਹ ਵੀ ਕਮਜ਼ੋਰ ਪੈ ਚੁੱਕੀਆਂ ਹਨ। ਸ਼ਹੀਦ ਦੇ ਘਰ ਵਿੱਚ ਪਈਆਂ ਕੁਝ ਕਿਤਾਬਾਂ ਅਤੇ ਹੋਰ ਸਾਮਾਨ ਵੀ ਖ਼ਰਾਬ ਹੋਣ ਲੱਗਿਆ ਹੈ।
ਪਿੰਡ ਵਾਸੀ ਖ਼ੁਦ ਸ਼ਹੀਦ ਦੇ ਘਰ ਦੀ ਸਾਂਭ-ਸੰਭਾਲ ਲਈ ਤਿਆਰ
ਪਿੰਡ ਦੀ ਪੰਚਾਇਤ, ਸਪੋਰਟਸ ਕਲੱਬ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸਿੰਘ ਨੂੰ ਵੀ ਕਈ ਵਾਰ ਬੇਨਤੀਆਂ ਕਰ ਚੁੱਕੇ ਹਨ ਪਰ ਭਰੋਸਿਆਂ ਤੋਂ ਬਗ਼ੈਰ ਹੋਰ ਕੁਝ ਵੀ ਪੱਲੇ ਨਹੀਂ ਪਿਆ। ਉਨ੍ਹਾਂ ਕਿਹਾ ਕਿ ਦਰਵਾਜ਼ੇ ਅੱਗੇ ਲੱਗੇ ਚਿਤਾਵਨੀ ਬੋਰਡ ਨੇ ਉਨ੍ਹਾਂ ਦੇ ਵੀ ਹੱਥ ਬੰਨ੍ਹੇ ਹੋਏ ਹਨ ਨਹੀਂ ਤਾਂ ਉਹ ਖ਼ੁਦ ਹੀ ਇਸ ਘਰ ਦੀ ਸਾਂਭ-ਸੰਭਾਲ ਕਰ ਲੈਣ। ਪੁਰਾਤਤਵ ਵਿਭਾਗ ਦੇ ਅਫ਼ਸਰ ਅਮਰੀਕ ਸਿੰਘ ਨੇ ਸੰਪਰਕ ਕਰਨ ’ਤੇ ਸ਼ਹੀਦ ਸਰਾਭਾ ਦੇ ਘਰ ਦੀ ਖਸਤਾ ਹਾਲ ਬਾਰੇ ਮੰਨਿਆ। ਉਨ੍ਹਾਂ ਕਿਹਾ ਕਿ ਵਿਭਾਗ ਦੇ ਡਾਇਰੈਕਟਰ ਅਤੇ ਸਕੱਤਰ ਪੱਧਰ ਦੀ ਮੀਟਿੰਗ ਵਿੱਚ ਵਿਚਾਰ ਚਰਚਾ ਕਰਨ ਮਗਰੋਂ ਇੱਕ ਸਰਵੇਖਣ ਟੀਮ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਰਿਪੋਰਟ ਭੇਜੇਗੀ, ਉਸ ਤੋਂ ਬਾਅਦ ਫ਼ੰਡ ਮਨਜ਼ੂਰ ਕੀਤੇ ਜਾਣਗੇ।