ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਮਈ
ਕਰੋਨਾ ਦੇ ਮੱਦੇਨਜ਼ਰ ਸਰਕਾਰ ਵੱਲੋਂ ਕੀਤੀ ਗਈ ਤਾਲਾਬੰਦੀ ਕਾਰਨ ਇਸ ਵਾਰ ਮੁੜ ਦਰਬਾਰ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਵਿੱਚ ਸੰਗਤ ਦੀ ਆਮਦ ਘਟ ਗਈ ਹੈ। ਇਸ ਦੇ ਨਾਲ ਹੀ ਚੜ੍ਹਾਵੇ ’ਤੇ ਵੀ ਅਸਰ ਪੈਣ ਕਾਰਨ ਸ਼੍ਰੋਮਣੀ ਕਮੇਟੀ ਨੂੰ ਆਰਥਿਕ ਸੰਕਟ ਨਾਲ ਜੂਝਣਾ ਪੈ ਸਕਦਾ ਹੈ।
ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ ਨੇ ਦੱਸਿਆ ਕਿ ਕਰੋਨਾ ਕਾਰਨ ਦਰਬਾਰ ਸਾਹਿਬ ਵਿੱਚ ਸੰਗਤ ਦੀ ਆਮਦ ਨਾ ਮਾਤਰ ਰਹਿ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹਾਲ ਹੀ ਵਿਚ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਪਰ ਇਸ ਮੌਕੇ ਵੀ ਸੰਗਤ ਦੀ ਆਮਦ ਘਟ ਹੀ ਰਹੀ।
ਕਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ ਸਰਕਾਰ ਵੱਲੋਂ ਸ਼ਨਿਚਰਵਾਰ ਅਤੇ ਐਤਵਾਰ ਨੂੰ ਮੁਕੰਮਲ ਤਾਲਾਬੰਦੀ ਕੀਤੀ ਗਈ ਹੈ ਜਦੋਂਕਿ ਸੋਮਵਾਰ ਤੋਂ ਸ਼ੁੱਕਰਵਾਰ ਤਕ ਸ਼ਾਮ ਛੇ ਵਜੇ ਤੋਂ ਅਗਲੇ ਦਿਨ ਸਵੇਰੇ ਪੰਜ ਵਜੇ ਤਕ ਕਰਫਿਊ ਲਾਇਆ ਗਿਆ ਹੈ। ਕਰੋਨਾ ਤੋਂ ਪਹਿਲਾਂ ਹਫਤੇ ਦੇ ਆਖਰੀ ਦਿਨਾਂ ਵਿਚ ਹੀ ਦਰਬਾਰ ਸਾਹਿਬ ਵਿਖੇ ਸੰਗਤ ਦੀ ਭਾਰੀ ਆਮਦ ਹੁੰਦੀ ਸੀ ਪਰ ਹੁਣ ਤਾਲਾਬੰਦੀ ਕਾਰਨ ਸੰਗਤ ਦਾ ਆਉਣਾ ਮੁਸ਼ਕਲ ਹੈ। ਖਾਸ ਕਰਕੇ ਦੂਜਿਆਂ ਸੂਬਿਆਂ ਅਤੇ ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਗਪਗ ਬੰਦ ਹੀ ਹੈ। ਇਸ ਕਾਰਨ ਚੜ੍ਹਾਵੇ ’ਤੇ ਵੀ ਅਸਰ ਪਿਆ ਹੈ।
ਸ਼੍ਰੋਮਣੀ ਕਮੇਟੀ ਦੀ ਆਮਦਨ ਪ੍ਰਭਾਵਿਤ ਹੋਣ ਦੇ ਆਸਾਰ
ਮੌਜੂਦਾ ਪ੍ਰਸਿਥਤੀਆਂ ਕਾਰਨ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਸੰਸਥਾ ਨੂੰ ਵਿੱਤੀ ਸੰਕਟ ’ਚੋਂ ਲੰਘਣਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦਾ ਇਸ ਵਿੱਤੀ ਵਰ੍ਹੇ ਦਾ ਪ੍ਰਸਤਾਵਿਤ ਬਜਟ ਲਗਪਗ 912 ਕਰੋੜ ਰੁਪਏ ਦਾ ਰੱਖਿਆ ਗਿਆ ਹੈ, ਜੋ ਲਗਪਗ 40 ਕਰੋੜ ਰੁਪਏ ਘਾਟੇ ਵਾਲਾ ਹੈ। ਮੌਜੂਦਾ ਹਾਲਾਤ ਦੇ ਚੱਲਦਿਆਂ ਆਮਦਨ ਹੋਰ ਵੀ ਪ੍ਰਭਾਵਿਤ ਹੋਣ ਦੇ ਆਸਾਰ ਹਨ।