ਜਗਮੋਹਨ ਸਿੰਘ
ਰੂਪਨਗਰ, 4 ਅਗਸਤ
ਪੰਜਾਬ ਨਾਲੋਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਡੀਜ਼ਲ ਤੇ ਪੈਟਰੋਲ ਦਰਾਂ ਵੱਡਾ ਫਰਕ ਹੋਣ ਕਾਰਨ ਰੂਪਨਗਰ ਜ਼ਿਲ੍ਹੇ ਦੇ ਪੈਟਰੋਲ ਪੰਪ ਬੰਦ ਹੋਣ ਕੰਢੇ ਹਨ। ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਸ਼ਿਵ ਕੁਮਾਰ ਜਗੋਤਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਨਾਲੋਂ ਡੀਜ਼ਲ 6 ਰੁਪਏ ਅਤੇ ਪੈਟਰੋਲ 2 ਰੁਪਏ ਸਸਤਾ ਮਿਲਦਾ ਹੈ, ਜਿਸ ਕਰਕੇ ਰੂਪਨਗਰ ਜ਼ਿਲ੍ਹੇ ਦੇ ਲੋਕ ਡੀਜ਼ਲ ਤੇ ਪੈਟਰੋਲ ਖਰੀਦਣ ਲਈ ਹਿਮਾਚਲ ਪ੍ਰਦੇਸ਼ ਦੇ ਪੈਟਰੋਲ ਪੰਪਾਂ ’ਤੇ ਜਾਣ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਘਨੌਲੀ ਤੋਂ ਲੈ ਕੇ ਨੰਗਲ ਤੱਕ ਦਾ ਸਮੁੱਚਾ ਖੇਤਰ ਹਿਮਾਚਲ ਪ੍ਰਦੇਸ਼ ਨਾਲ ਨਾਲ ਲੱਗਦਾ ਹੋਣ ਕਾਰਨ ਇਸ ਖਿੱਤੇ ਵਿੱਚ ਲੱਗੇ ਪੰਜਾਬ ਦੇ ਪੈਟਰੋਲ ਪੰਪ ਮਾਲਕ ਤਾਂ ਬਿਲਕੁਲ ਹੀ ਵਿਹਲੇ ਹੋ ਚੁੱਕੇ ਹਨ, ਕਿਉਂਕਿ ਪੰਜਾਬ ਦੇ ਪੈਟਰੋਲ ਪੰਪਾਂ ਤੋਂ ਹਿਮਾਚਲ ਪ੍ਰਦੇਸ਼ ਦੇ ਪੈਟਰੋਲ ਪੰਪਾਂ ਦਾ ਫਾਸਲਾ ਵੀ ਕੋਈ ਜ਼ਿਆਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰੇਟਾਂ ਵਿੱਚ ਫਰਕ ਹੋਣ ਕਾਰਨ ਜਿੱਥੇ ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਨੂੰ ਘਾਟਾ ਸਹਿਣ ਕਰਨਾ ਪੈ ਰਿਹਾ ਹੈ, ਉੱਥੇ ਹੀ ਪੰਜਾਬ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਮਿਲਣ ਵਾਲਾ ਮਾਲੀਆ ਵੀ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਜਾ ਰਿਹਾ ਹੈ। ਉਨ੍ਹੁਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਪੈਟਰੋਲ ਅਤੇ ਡੀਜ਼ਲ ਤੇ ਲੱਗਣ ਵਾਲਾ ਟੈਕਸ ਘਟਾ ਕੇ ਗੁਆਂਢੀ ਸੂਬੇ ਦੇ ਬਰਾਬਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਪ ਮਾਲਕਾਂ ਦੀ ਜਲਦੀ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਦੀ ਜਥੇਬੰਦੀ ਜਲਦੀ ਹੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮਿਲ ਕੇ ਆਪਣੇ ਪੰਪਾਂ ਦੇ ਤਾਲਿਆਂ ਦੀਆਂ ਚਾਬੀਆਂ ਉਨ੍ਹਾਂ ਦੇ ਸਪੁਰਦ ਕਰ ਦੇਣਗੇ। ਇਸ ਮੌਕੇ ਰਾਜਿੰਦਰ ਆਨੰਦ, ਰਾਜੇਸ਼ ਜੋਸ਼ੀ, ਅੰਮ੍ਰਿਤ ਲਾਲ ਖੁਰਾਣਾ, ਸਵੀਟੀ ਕੌੜਾ, ਸੋਨੂੰ ਖੁਰਾਣਾ ਤੇ ਮਨਦੀਪ ਜੌਲੀ ਹਾਜ਼ਰ ਸਨ।