ਸੰਜੀਵ ਬੱਬੀ
ਚਮਕੌਰ ਸਾਹਿਬ, 16 ਅਕਤੂਬਰ
ਚਮਕੌਰ ਸਾਹਿਬ ਬਲਾਕ ਅਧੀਨ ਪਿੰਡ ਸੁਰਤਾਪੁਰ ਮੰਡ ਦੇ ਨੇੜਲੇ ਕੁੱਝ ਪਿੰਡਾਂ ਵਿਚ ਪੰਜਾਬ ਅਨੁਸੂਚਿਤ ਜਾਤੀ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੀ 700 ਏਕੜ ਜ਼ਮੀਨ ਵਿੱਚੋਂ ਕਈ ਏਕੜ ਜ਼ਮੀਨ ਤੇ ਅਸਰ-ਰਸੂਖ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਜ਼ਮੀਨ ਵਿੱਚੋਂ ਜਦੋਂ ਅਧਿਕਾਰੀ ਅਦਾਲਤੀ ਹੁਕਮਾਂ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਦੀ ਮਨਜ਼ੂਰੀ ਲੈ ਕੇ ਪੁਲੀਸ ਮੁਲਾਜ਼ਮਾਂ ਸਮੇਤ 18 ਏਕੜ ’ਚੋਂ ਕਬਜ਼ੇ ਹਟਾ ਰਹੇ ਸਨ ਤਾਂ ਇਕ ਮੰਤਰੀ ਦੇ ਕਹਿਣ ’ਤੇ ਕਾਰਵਾਈ ਰੁਕਵਾ ਦਿੱਤੀ ਗਈ, ਜਦੋਂ ਕਿ ਜ਼ਮੀਨ ਵਿੱਚ ਸਬੰਧਿਤ ਵਿਭਾਗ ਨੇ ਮਾਲ ਮਹਿਕਮੇ ਦੇ ਕਰਮਚਾਰੀਆਂ ਸਮੇਤ 11 ਏਕੜ ਜ਼ਮੀਨ ਵਿੱਚ ਬੁਰਜੀਆਂ ਵੀ ਲਗਵਾ ਦਿੱਤੀਆਂ ਸਨ ਪਰ ਸਿਆਸੀ ਦਬਾਅ ਹੇਠ ਬਿਨ੍ਹਾਂ ਕਿਸੇ ਅਦਾਲਤੀ ਸਟੇਅ ਨਾਜਾਇਜ਼ ਕਬਜ਼ੇ ਹਟਾਉਣ ਦਾ ਕੰਮ ਰੋਕ ਦਿੱਤਾ ਗਿਆ। ਵਿਭਾਗ ਦੇ ਅਧਿਕਾਰੀ 7 ਏਕੜ ਜ਼ਮੀਨ ਵਿੱਚ ਕੀਤੇ ਨਾਜਾਇਜ਼ ਕਬਜ਼ੇ ਛੱਡ ਕੇ ਪੁਲੀਸ ਮੁਲਾਜ਼ਮਾਂ ਸਮੇਤ ਮੁੜ ਗਏ। ਜ਼ਮੀਨ ਆਈਆਈਟੀ ਰੂਪਨਗਰ ਦੇ ਬਿਲਕੁਲ ਨਜ਼ਦੀਕ ਹੋਣ ਕਾਰਨ ਇਸ ਜ਼ਮੀਨ ’ਤੇ ਕਈ ਸਿਆਸੀ ਵਿਅਕਤੀ ਆਪਣੀਆਂ ਅੱਖਾਂ ਹਨ।